ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉਮੀਦਵਾਰ ਟਿਕਟ ਲਈ ਤਰਲੋ ਮੱਛੀ ਚੋਣਾਂ ਦੇ ਐਲਾਨ ਤੋਂ ਪਹਿਲਾ ਹੀ ਉਮੀਦਵਾਰ ਟਿਕਟ ਲਈ ਤਰਲੋ ਮੱਛੀ
Publish Date: Mon, 21 Sep 2026 04:54 PM (IST)
Updated Date: Tue, 22 Sep 2026 04:06 AM (IST)
ਟਿਕਟ ਦੀ ਦਾਅਵੇਦਾਰੀ ਲਈ ਫਲੈਕਸ ਬੋਰਡਾਂ ਤੇ ਜੰਗ ਜਾਰੀ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਵਿਧਾਨ ਸਭਾ ਚੋਣਾ 2027 ਐਲਾਨ ਭਾਵੇ ਹਾਲੇ ਬਾਕੀ ਹੈ, ਮਗਰ ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਵਿਧਾਨ ਸਭਾ ਹਲਕਾ ਬਲਾਚੌਰ ਬਹੁਤੇ ਲੀਡਰ ਟਿਕਟ ਲਈ ਤਰਲੋ ਮੱਛੀ ਹੋਏ ਵੇਖੇ ਜਾ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੀ ਆਪਣਾ ਆਪਣਾ ਨਾਮ ਚਮਕਾਉਣ ਦੀ ਇੱਛਾ ਨੂੰ ਲੈ ਕੇ ਸ਼ਹਿਰ ਅਤੇ ਪਿੰਡਾ ਦੀਆਂ ਸੜਕਾਂ, ਗਲੀਆਂ ਮੁਹੱਲਿਆਂ ਵਿੱਚ ਛੋਟੇ ਅਤੇ ਆਦਮਕੱਦ ਫਲੈਕਸਾਂ ਦੀ ਦੌੜ ਸਿਖਰਾਂ ਤੇ ਹੈ। ਸੂਤਰਾਂ ਦੇ ਹਵਾਲਿਆ ਨਾਲ ਨਜ਼ਰ ਮਾਰੀਏ ਤਾਂ ਵਿਧਾਨ ਸਭਾ ਹਲਕਾ ਬਲਾਚੌਰ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਕੌਣ ਕਿੰਨੇ ਪਾਣੀ ਵਿਚ ਲੜੀ ਦੇ ਤਹਿਤ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਤਾਂ ਹਲਕਾ ਬਲਾਚੌਰ ਵਿਚ ਵਿਧਾਇਕਾ ਸੰਤੋਸ਼ ਕਟਾਰੀਆ ਦੇ ਨਾਲ ਨਾਲ ਰਿਟਾ. ਬਿਗ੍ਰੇਡੀਅਰ ਰਾਜ ਕੁਮਾਰ, ਸਤਨਾਮ ਜਲਾਲਪੁਰ ਵੱਲੋਂ ਪਾਰਟੀ ਵੱਲੋਂ ਕੀਤੇ ਗਏ ਵਿਕਾਸ, ਪਾਰਟੀ ਦੀਆਂ ਸਮਾਜ ਭਲਾਈ ਸਕੀਮਾਂ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਦੀਆਂ ਲੋਕਾ ਪ੍ਰਤੀ ਸੇਵਾਵਾਂ ਦੀ ਜਾਣਕਾਰੀ ਨੂੰ ਲੈ ਕੇ ਲੋਕ ਸੰਪਰਕ ਵਿਚ ਜਿੱਥੇ ਹਨੇਰੀ ਲਿਆਂਦੀ ਹੋਈ ਹੈ, ਉਥੇ ਹੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਵੀ ਦੋ ਕਦਮ ਅੱਗੇ ਰਹਿ ਕੇ ਲਗਾਤਾਰ ਦਿਨ ਰਾਤ ਕਰੜੀ ਮਿਹਨਤ ਜਾਰੀ ਰੱਖੀ ਹੋਈ ਹੈ। ਲੋਕਾਂ ਦੇ ਹਰ ਸੁੱਖ ਅਤੇ ਦੁੱਖ ਵਿਚ ਮੋਢੇ ਨਾਲ ਮੋਢਾ ਜੋੜਕੇ ਆਪਣੀ ਵੱਖਰੀ ਪਹਿਚਾਨ ਬਣਾਈ ਹੈ। ਜਦ ਕਿ ਦੂਜੇ ਪਾਸੇ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ ਵੱਲੋਂ ਇਲਾਕੇ ਅੰਦਰ ਜਗ੍ਹਾ ਜਗ੍ਹਾਂ ਫਲੈਕਸ ਬੋਰਡ ਲਗਾ ਕੇ ਆਪਣੀ ਦਾਅਵੇਦਾਰੀ ਨੂੰ ਜੱਗ ਜ਼ਾਹਿਰ ਕੀਤਾ ਜਾ ਰਿਹਾ ਹੈ।।ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਚੋਣ ਰੈਲੀ ਤੋਂ ਪ੍ਰਭਾਵਿਤ ਹੋਏ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਐਲਾਨੇ ਸ਼ਬਦਾ ਤੋਂ ਭਲੀਭਾਂਤ ਪਾਰਟੀ ਦੀ ਟਿਕਟ ਸੰਦੀਪ ਕੁਮਾਰ ਹਨੀ ਟੌਸਾਂ ਦੀ ਝੋਲੀ ਵੱਲ ਇਸ਼ਾਰਾ ਕਰਦੀ ਹੈ ਜਦਕਿ ਇਸੇ ਪਾਰਟੀ ਦਾ ਦੂਜਾ ਧੜਾ ਨਰਾਜ਼ ਚੱਲਣ ਕਾਰਨ ਹਾਲੇ ਖਾਮੋਸ਼ੀ ਦੇ ਆਲਮ ਵਿਚ ਵਿਚਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਨੀ ਟੌਸਾਂ ਵੱਲੋਂ ਪਾਰਟੀ ਦੇ ਦਾਇਰੇ ਨੂੰ ਮਜਬੂਤ ਅਤੇ ਵਿਸ਼ਾਲ ਬਣਾਏ ਜਾਣ ਲਈ ਸਖਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਉਹ ਪਾਰਟੀ ਦੇ ਵਰਕਰਾਂ ਦੀ ਨਰਾਜ਼ਗੀ ਨੂੰ ਦੂਰ ਕਰਨ ਅਤੇ ਪਾਰਟੀ ਨਾਲ ਜੋੜਨ ਵਿਚ ਸਫਲ ਰਹਿਣ ਕਾਰਨ ਇਸ ਵਾਰ ਵੀ ਚੋਣਾਂ ਦੌਰਾਨ ਟਾਂਕੇਦਾਰ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ। ਭਾਜਪਾ, ਅਕਾਲੀ ਦਲ ਵਾਰਿਸ ਪੰਜਾਬ, ਅਕਾਲੀ ਦਲ ਪੁਨਰ ਸੁਰਜੀਤ ਦੀ ਭਾਵੇ ਪੋਸਟਰ ਜੰਗ ਘੱਟ ਨਜ਼ਰ ਆ ਰਹੀ ਹੈ, ਮਗਰ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਵਿਚ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਇਨਾਂ ਆਗੂਆਂ ਵੱਲੋਂ ਆਪੋ ਆਪਣੀ ਪਾਰਟੀ ਲਈ ਬੜੀ ਸਖਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਇਲਾਕੇ ਅੰਦਰ ਫਲੈਕਸ ਬੋਰਡ ਲਗਾਉਣ ਜੰਗ ਨੂੰ ਪੂਰੀ ਤਰ੍ਹਾਂ ਨਾਲ ਭਖਾਇਆ ਹੋਇਆ ਹੈ। ਮਗਰ ਇਸ ਵਾਰੀ ਇਨ੍ਹਾਂ ਆਗੂਆਂ ਲਈ ਲੋਕਾਂ ਨੂੰ ਆਪਣੇ ਹੱਕ ਵਿਚ ਤੋਰਨਾ ਬਹੁਤਾਂ ਸੌਖਾ ਨਹੀ ਹੋਵੇਗਾ।