ਸਿੰਗਲ ਯੂਜ਼ ਪਲਾਸਟਿਕ ਮੁਕਤ ਭੰਡਾਰੇ ਕਰਵਾਉਣ ਸਬੰਧੀ ਮੁਹਿੰਮ ਸ਼ੁਰੂ ਸਿੰਗਲ ਯੂਜ਼ ਪਲਾਸਟਿਕ ਮੁਕਤ ਭੰਡਾਰੇ ਕਰਵਾਉਣ ਸੰਬੰਧੀ ਮੁਹਿੰਮ ਸ਼ੁਰੂ
Publish Date: Thu, 03 Sep 2026 06:12 PM (IST)
Updated Date: Thu, 03 Sep 2026 06:13 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਨੂੰ ਸਾਫ਼-ਸੁਥਰੇ ਅਤੇ ਵਾਤਾਵਰਣ ਪੱਖੀ ਢੰਗ ਨਾਲ ਮਨਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ’ਚ ਸਿੰਗਲ ਯੂਜ਼ ਪਲਾਸਟਿਕ ਮੁਕਤ ਭੰਡਾਰੇ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਸਾਰੇ ਮੰਦਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਜਨਮ ਅਸ਼ਟਮੀ ਮੌਕੇ ਲਗਾਏ ਜਾਣ ਵਾਲੇ ਭੰਡਾਰਿਆਂ ਅਤੇ ਹੋਰ ਧਾਰਮਿਕ ਸਮਾਗਮਾਂ ਵਿਚ ਕਿਸੇ ਵੀ ਕਿਸਮ ਦੀ ਸਿੰਗਲ ਯੂਜ਼ ਪਲਾਸਟਿਕ (ਐੱਸਯੂਪੀ) ਵਸਤੂ ਜਿਵੇਂ ਕਿ ਪਲਾਸਟਿਕ ਦੇ ਕਟੋਰੇ, ਪਲੇਟਾਂ, ਥਾਲੀਆਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੀ ਥਾਂ ਸਾਰੇ ਪ੍ਰਬੰਧਕਾਂ ਨੂੰ ਵਾਤਾਵਰਣ ਅਨੁਕੂਲ ਅਤੇ ਕੁਦਰਤੀ ਵਸਤੂਆਂ ਜਿਵੇਂ ਪੱਤਲ, ਦੋਨੇ ਅਤੇ ਲੱਕੜ ਦੇ ਚਮਚੇ/ਕਟਲਰੀ ਆਦਿ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਵਿਚ ਮਦਦ ਮਿਲੇਗੀ, ਸਗੋਂ ਧਾਰਮਿਕ ਸਮਾਗਮਾਂ ਨੂੰ ਵੀ ਸਵੱਛ ਅਤੇ ਵਾਤਾਵਰਣ-ਪੱਖੀ ਬਣਾਇਆ ਜਾ ਸਕੇਗਾ। ਸਵੱਛ ਭਾਰਤ ਮਿਸ਼ਨ ਦੀ ਟੀਮ ਵੱਲੋਂ ਜਨਮ ਅਸ਼ਟਮੀ ਮੌਕੇ ਪਲਾਸਟਿਕ ਮੁਕਤ ਭੰਡਾਰੇ ਯਕੀਨੀ ਬਣਾਉਣ ਲਈ ਮੰਦਰ ਕਮੇਟੀਆਂ ਅਤੇ ਮਾਰਕੀਟ ਐਸੋਸੀਏਸ਼ਨਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਮੌਕੇ ’ਤੇ ਜਾ ਕੇ ਨਿਰੀਖਣ ਵੀ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿਚ ਸ਼ਬਨਮ, ਕੀਰਤ ਚੌਹਾਨ ਅਤੇ ਸੈਨੀਟੇਸ਼ਨ ਟੀਮ ਦੇ ਚੰਦਨ ਅਤੇ ਡੌਲੀ ਵੱਲੋਂ ਮੰਦਰਾਂ ਅਤੇ ਮਾਰਕੀਟ ਕਮੇਟੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਜਨਮ ਅਸ਼ਟਮੀ ਨੂੰ ਸਵੱਛ, ਸੁੰਦਰ ਅਤੇ ਪਲਾਸਟਿਕ ਮੁਕਤ ਜਨਮ ਅਸ਼ਟਮੀ ਵਜੋਂ ਮਨਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਸਵੱਛ ਭਾਰਤ ਮਿਸ਼ਨ ਟੀਮ ਨੇ ਸਮੂਹ ਮੰਦਰ ਕਮੇਟੀਆਂ, ਮਾਰਕੀਟ ਐਸੋਸੀਏਸ਼ਨਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਕੁਦਰਤ ਦੀ ਸੇਵਾ ਦੇ ਸੰਦੇਸ਼ ਨਾਲ ਜੋੜਦਿਆਂ ਸਿੰਗਲ ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਨਾ ਕਹਿਣ ਅਤੇ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਅਪਣਾਉਣ।