ਮੱਕੀ ਦੀ ਕਾਸ਼ਤ ਨੂੰ ਪ੍ਰਮੋਟ ਕਰਨ ਲਈ ਕੈਂਪ ਲਗਾਇਆ ਮੱਕੀ ਦੀ ਕਾਸ਼ਤ ਨੂੰ ਪ੍ਰਮੋਟ ਕਰਨ ਲਈ ਕੈਂਪ ਲਗਾਇਆ
Publish Date: Wed, 09 Sep 2026 05:58 PM (IST)
Updated Date: Wed, 09 Sep 2026 05:58 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ ਜਾਡਲਾ : ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈਸੀਏਆਰ-ਅਟਾਰੀ ਜ਼ੋਨ-1 ਦੀ ਸਰਪ੍ਰਸਤੀ ਹੇਠ ਅਤੇ ਡਾ. ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਦੀ ਅਗਵਾਈ ਵਿਚ ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਲੰਗੜੋਆ ਵੱਲੋਂ ਪਿੰਡ ਜਾਡਲੀ ਵਿਖੇ ਸਾਉਣੀ ਦੀ ਮੱਕੀ ਦੀ ਕਾਸ਼ਤ ਨੂੰ ਪ੍ਰਮੋਟ ਕਰਨ ਲਈ 9 ਸਤੰਬਰ ਨੂੰ ਕਿਸਾਨਾਂ ਵਾਸਤੇ ਇੱਕ ਵਿਸ਼ੇਸ਼ ਕੈਂਪ ਲਗਾਇਆ। ਇਸ ਦੌਰਾਨ ਖੇਤੀਬਾੜੀ ਮਹਿਕਮੇ ’ਚੋਂ ਡਾ. ਕਮਲਦੀਪ ਸਿੰਘ ਸੰਘਾ, ਡਾ. ਕੁਲਵਿੰਦਰ ਕੌਰ ਅਤੇ ਡਾ. ਜਗਮਨਦੀਪ ਕੌਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਕਿਸਾਨਾਂ ਦਾ ਮਾਰਗ ਦਰਸ਼ਨ ਕੀਤਾ। ਇਸ ਮੌਕੇ ਸਹਾਇਕ ਪ੍ਰੋ. ਕੀਟ ਵਿਗਿਆਨ ਡਾ. ਬਲਜੀਤ ਸਿੰਘ ਨੇ ਸਾਉਣੀ ਦੀ ਮੱਕੀ ਦੀ ਫ਼ਸਲ ਨੂੰ ਆਉਣ ਵਾਲੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਮੱਕੀ ਦੀ ਕਾਸ਼ਤ ਨੂੰ ਵਧਾਉਣ ਅਤੇ ਇਸ ਨੂੰ ਪ੍ਰਮੋਟ ਕਰਨ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ। ਡਾ. ਤੇਜਬੀਰ ਸਿੰਘ ਨੇ ਪਸ਼ੂਆਂ ਦੀ ਖੁਰਾਕ ਲਈ ਮੱਕੀ ਦਾ ਸਾਈਲੇਜ (ਆਚਾਰ) ਬਣਾਉਣ ਤੇ ਵਿਸ਼ੇਸ਼ ਜ਼ੋਰ ਪਾਇਆ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਦੁਧਾਰੂ ਪਸ਼ੂਆਂ ਦੀ ਵਧੀਆ ਸਿਹਤ, ਦੁੱਧ ਉਤਪਾਦਨ ਅਤੇ ਮੁਨਾਫ਼ੇ ਲਈ ਘਰ ਵਿਚ ਤਿਆਰ ਕੀਤਾ ਗਿਆ ਵਧੀਆ ਕੁਆਲਿਟੀ ਦਾ ਸਾਈਲੇਜ ਬਹੁਤ ਜ਼ਰੂਰੀ ਹੈ, ਜਿਸ ਲਈ ਸਾਉਣੀ ਦੀ ਮੱਕੀ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਪੂਰੇ ਸੈਸ਼ਨ ਦੌਰਾਨ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਸਾਉਣੀ ਦੀ ਮੱਕੀ ਦੀ ਸੁਰੱਖਿਅਤ ਖੇਤੀ ਅਤੇ ਪਸ਼ੂ ਪਾਲਣ ਲਈ ਸਾਈਲੇਜ ਦੀ ਵਰਤੋਂ ਬਾਰੇ ਵਿਹਾਰਕ ਤੇ ਮਹੱਤਵ ਪੂਰਨ ਸੇਧ ਪ੍ਰਦਾਨ ਕਰਦਿਆਂ ਕੈਂਪ ਨੂੰ ਸਫਲਤਾ ਪੂਰਵਕ ਸੰਪੰਨ ਕੀਤਾ।