ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਿੱਤੇ ਬੰਦ ਦੇ ਸੱਦੇ ਨੂੰ ਬੰਗਾ ’ਚ ਮਿਲਿਆ ਭਰਵਾਂ ਹੁੰਗਾਰਾ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਦਿੱਤੇ ਬੰਦ ਦੇ ਸੱਦੇ ਨੂੰ ਮਿਲਿਆ ਬੰਗਾ 'ਚ ਭਰਵਾਂ ਹੁੰਗਾਰਾ
Publish Date: Fri, 21 Aug 2026 03:30 PM (IST)
Updated Date: Fri, 21 Aug 2026 03:33 PM (IST)
- ਜਥੇਬੰਦੀਆਂ ਵੱਲੋਂ ਸ਼ਹਿਰ ’ਚ ਕੀਤਾ ਗਿਆ ਰੋਸ ਮਾਰਚ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸਬੰਧ ਵਿਚ ਬੰਗਾ ਮੁਕੰਮਲ ਬੰਦ ਰਿਹਾ। ਵੱਖ-ਵੱਖ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਬਲਾਤਕਾਰੀਆਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬੈੱਡ ’ਤੇ ਪਏ ਹਨ। ਉਨ੍ਹਾਂ ਨੂੰ ਮਿਲਣ ਜਾਣ ਲਈ ਸਰਕਾਰ ਵੱਲੋਂ ਪੈਰੋਲ ਨਹੀਂ ਦਿੱਤੀ ਜਾ ਰਹੀ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਿੰਦੂ-ਸਿੱਖਾਂ ਵਿਚ ਵੰਡੀਆਂ ਪਾ ਕੇ ਇਨ੍ਹਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ’ਤੇ ਸਾਡਾ ਏਕਾ ਸਫਲ ਨਹੀਂ ਹੋਣ ਦੇਵੇਗਾ। ਬੰਗਾ ਦੀਆਂ ਸੜਕਾਂ ’ਤੇ ਰੋਸ ਮਾਰਚ ਕੱਢਣ ਵਾਲੀਆਂ ਜਥੇਬੰਦੀਆਂ ਵਿਚ ਉਕਤ ਜਥੇਬੰਦੀ ਤੋਂ ਇਲਾਵਾ ਕਿਸਾਨ ਜਥੇਬੰਦੀ, ਇਨਸਾਫ਼ ਦੀ ਆਵਾਜ਼ ਜਥੇਬੰਦੀ ਅਤੇ ਆਮ ਲੋਕ ਸ਼ਾਮਲ ਸਨ। ਜਿਨ੍ਹਾਂ ਨੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਬਲਕਾਰ ਸਿੰਘ ਢੀਂਡਸਾ, ਸੁਲੱਖਣ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਕਾਰ ਸਿੰਘ ਲਾਖਾ, ਸੁਖਮਨ ਕੱਟ, ਬਲਜਿੰਦਰ ਸਿੰਘ, ਬਰਿੰਦਰ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ, ਮਾ. ਸਵਰਨਜੀਤ ਸਿੰਘ, ਦੀਪਾ ਬਲੀ, ਪੰਮਾ, ਸੱਬਾ ਪਹਿਲਵਾਨ, ਤਰਸੇਮ ਪਠਲਾਵਾ, ਤਰਲੋਚਨ ਸਿੰਘ, ਸਟੇਟ ਦੇ ਵਿੱਤ ਸਕੱਤਰ ਗੁਰਦੀਪ ਸਿੰਘ, ਮਾ. ਰਮੇਸ਼ ਕੁਮਾਰ, ਜਸਵੀਰ ਸਿੰਘ ਬੰਗਾ, ਮਲਕੀਤ ਸਿੰਘ ਲੁਧਾਣਾ ਉੱਚਾ, ਜਸਵੀਰ ਸਿੰਘ ਝਿੱਕਾ, ਅਵਤਾਰ ਸਿੰਘ ਭੋਲਾ ਅਤੇ ਹੋਰ ਹਾਜ਼ਰ ਸਨ।