
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਰੋਬਾਰੀ ਨਰਿੰਦਰ ਪਾਲ ਸਿੰਘ ਮਾਹਲ ਨੂੰ ਸਦਮਾ ਦੋਹਤੀ ਐਲੀ ਸਿੰਘ ਦੀ ਹੋਈ ਮੌਤ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਅਮਰੀਕਾ ਤੋਂ ਮੰਦਭਾਗੀ ਤੇ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਫਰੀਜਨੋ ਦੇ ਜਾਣੇ-ਪਛਾਣੇ ਬਦਾਮ ਉਤਪਾਦਕ ਨਾਮੀ ਕਿਸਾਨ ਅਤੇ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸ਼ਖ਼ਸੀਅਤ ਨਰਿੰਦਰਪਾਲ ਸਿੰਘ ਮਾਹਲ ਖਮਾਚੋਂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਦੋਹਤੀ ਦੀ ਕੈਲੀਫੋਰਨੀਆ ਸੂਬੇ ਵਿਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਈ ਹੈ। ਮ੍ਰਿਤਕ ਦੀ ਪਛਾਣ ਐਲੀ ਸਿੰਘ (20) ਵਜੋਂ ਹੋਈ ਹੈ, ਜੋ ਸ਼ਾਂਤਾ ਕਰੂਜ ਕੈਲੀਫੋਰਨੀਆ ਵਿਖੇ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਸੀ। ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਸ਼ਾਂਤਾ ਕਰੂਜ ਦੇ ਪ੍ਰਸਿੱਧ ਸਟੀਮਰ ਲੇਨ ਨੇੜੇ ਬੈਸਟ ਕਲਿਫ ਡਰਾਈਵ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਐਲੀ ਸਿੰਘ ਦੀ ਕਾਰ ਚੱਟਾਨ ਤੋਂ ਹੇਠਾਂ ਸਿੱਧੀ ਸਮੁੰਦਰ ’ਚ ਡਿੱਗ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਐਮਰਜੈਂਸੀ ਟੀਮਾਂ ਤੁਰੰਤ ਪਹੁੰਚੀਆਂ। ਬਚਾਅ ਟੀਮਾਂ ਵੱਲੋਂ ਕਾਫੀ ਜਦੋ-ਜਹਿਦ ਤੋਂ ਬਾਅਦ ਐਲੀ ਸਿੰਘ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹਾਲਾਂਕਿ ਗੰਭੀਰ ਸੱਟਾਂ ਕਾਰਨ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸਥਾਨਕ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੰਦਭਾਗੀ ਘਟਨਾ ਦੀ ਖਬਰ ਫੈਲਦਿਆਂ ਫਰੀਜਨੋ ਅਤੇ ਆਸ ਪਾਸ ਦੇ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਨਰਿੰਦਰ ਪਾਲ ਸਿੰਘ ਮਾਹਲ ਦੇ ਨਾਲ ਉਨ੍ਹਾਂ ਦੇ ਪਿੰਡ ਖਮਾਚੋਂ ਵਾਸੀਆਂ, ਮਿੱਤਰਾਂ ਸੱਜਣਾਂ, ਰਿਸ਼ਤੇਦਾਰਾਂ, ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਹੋਰ ਵੱਖ-ਵੱਖ ਜਥੇਬੰਦੀਆਂ, ਕਾਰੋਬਾਰੀਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।