ਭਾਰਤੀ ਮਿਆਰ ਬਿਊਰੋ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਤੇ ਮਿਆਰਾਂ ਪ੍ਰਤੀ ਕੀਤਾ ਜਾਗਰੂਕ ਭਾਰਤੀ ਮਿਆਰ ਬਿਊਰੋ ਵੱਲੋਂ ਵਿਦਿਆਰਥੀਆਂ ਨੂੰ ਗੁਣਵੱਤਾ ਅਤੇ ਮਿਆਰਾਂ ਪ੍ਰਤੀ ਕੀਤਾ ਜਾਗਰੂਕ
Publish Date: Sun, 18 Oct 2026 06:04 PM (IST)
Updated Date: Sun, 18 Oct 2026 06:06 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਭਾਰਤੀ ਮਿਆਰ ਬਿਊਰੋ ਚੰਡੀਗੜ੍ਹ ਸ਼ਾਖਾ ਦੀ ਵਿਸ਼ੇਸ਼ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂਪੋਤਾ ਵਿਖੇ ਵਿਦਿਆਰਥੀਆਂ ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੀਆਂ ਸਰਗਰਮੀਆਂ ਅਤੇ ਰੋਜ਼ਾਨਾ ਜੀਵਨ ਵਿਚ ਗੁਣਵੱਤਾ ਵਾਲੀਆਂ ਵਸਤੂਆਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੂੰ ਆਈਐੱਸਆਈ ਮਾਰਕ, ਸੀਆਰਐੱਸ ਰਜਿਸਟ੍ਰੇਸ਼ਨ ਨੰਬਰ, ਹਾਲਮਾਰਕ, ਬੀਆਈਐੱਸ ਕੇਅਰ ਐਪ ਅਤੇ ਭਾਰਤੀ ਮਿਆਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗੁਣਵੱਤਾ ਦੀ ਪਛਾਣ ਕਰਨ, ਖਪਤਕਾਰਾਂ ਦੇ ਅਧਿਕਾਰਾਂ ਅਤੇ ਮਿਆਰੀ ਉਤਪਾਦਾਂ ਦੀ ਚੋਣ ਕਰਨ ਬਾਰੇ ਵੀ ਜਾਣੂ ਕਰਵਾਇਆ। ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਕੁਇਜ਼ ਮੁਕਾਬਲੇ ਕਰਵਾਏ। ਰੋਜ਼ਾਨਾ ਜੀਵਨ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਮਿਆਰਾਂ ਬਾਰੇ ਸਰਵੇਖਣ ਸਰਗਰਮੀ ਵੀ ਕਰਵਾਈ। ਇਸ ਤੋਂ ਇਲਾਵਾ ਗੁਣਵੱਤਾ, ਸਥਿਰਤਾ, ਕਿਫਾਇਤੀ ਅਤੇ ਸਾਫ਼ ਊਰਜਾ, ਸਵੱਛਤਾ ਹੀ ਸੇਵਾ-ਸਵੱਛਤਾ ਪਖਵਾੜਾ 2026 ਅਤੇ ਈ-ਵੇਸਟ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀ ਆਨਲਾਈਨ ਕੁਇਜ਼ ਵਿਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ। ਬੀਆਈਐੱਸ ਚੰਡੀਗੜ੍ਹ ਸ਼ਾਖਾ ਵੱਲੋਂ 7,500 ਰੁਪਏ ਦੀ ਰਾਸ਼ੀ ਮੁਕਾਬਲਿਆਂ ਦੇ ਜੇਤੂਆਂ ਲਈ ਨਕਦ ਇਨਾਮਾਂ ਵਾਸਤੇ ਪ੍ਰਦਾਨ ਕੀਤੀ। ਸਕੂਲ ਦੇ ਇੰਚਾਰਜ ਦੇਸ ਰਾਜ ਅਤੇ ਇੰਚਾਰਜ ਸੁਖਜੀਤ ਕੌਰ ਨੇ ਫੋਰਨ ਚੰਦ ਦੀ ਅਗਵਾਈ ਵਿਚ ਟੀਮ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਗੁਣਵੱਤਾ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕ ਖਪਤਕਾਰ ਬਣਨ ਦੀ ਭਾਵਨਾ ਵਿਕਸਿਤ ਕਰਨ ਵਿੱਚ ਸਹਾਇਕ ਹਨ। ਇਸ ਮੌਕੇ ਸਨੀ ਕੁਮਾਰ, ਰਕੇਸ਼ ਕੁਮਾਰ, ਜਤਿੰਦਰ ਪਾਬਲਾ, ਸੋਨੀਆ ਜਸਰੋਟੀਆ, ਸੋਨੀਆ ਕੁਮਾਰੀ, ਭਵਨੀਤ ਕੌਰ, ਚਮਨ ਲਾਲ, ਸੁਰਜੀਤ ਸਿੰਘ ਹਾਜ਼ਰ ਸਨ।