- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮਾਰਗ 'ਤੇ ਟੁੱਟੀਆਂ ਪੁਲੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ

ਹਰਦੀਪ ਚੌਧਰੀ, ਪੰਜਾਬੀ ਜਾਗਰਣ
ਪੋਜੇਵਾਲ ਸਰਾਂ : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਵੀਨੀਕਰਨ ਸਬੰਧੀ ਵੱਡੇ ਪੱਧਰ ’ਤੇ ਪ੍ਰਚਾਰ ਕੀਤੇ ਜਾ ਰਹੇ ਹਨ, ਪਰ ਬਲਾਚੌਰ ਹਲਕੇ ਦੇ ਕਸਬਾ ਪੋਜੇਵਾਲ ਵਿਚ ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੇ ਮੁੱਖ ਮਾਰਗ ’ਤੇ ਪੁਲੀਆਂ ਦੀ ਖ਼ਸਤਾ ਹਾਲਤ ਕਾਰਨ ਵਾਹਨ ਚਾਲਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ। ਪੋਜੇਵਾਲ ਵਿਖੇ ਇਸ ਮੁੱਖ ਮਾਰਗ ’ਤੇ ਬਣੀ ਪੁਰਾਣੀ ਪੁਲੀ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਪੁਲੀ ਦੀ ਮਿਆਦ ਵੀ ਲਗਭਗ ਪੂਰੀ ਹੋ ਚੁੱਕੀ ਦੱਸੀ ਜਾ ਰਹੀ ਹੈ। ਪੁਲੀ ਦੇ ਦੋਵੇਂ ਪਾਸਿਆਂ ਲੱਗੇ ਸੁਰੱਖਿਆ ਜੰਗਲੇ ਵਾਹਨਾਂ ਦੀ ਟੱਕਰ ਕਾਰਨ ਕਈ ਥਾਵਾਂ ਤੋਂ ਟੁੱਟ ਕੇ ਢਹਿ ਚੁੱਕੇ ਹਨ। ਇਨ੍ਹਾਂ ਦੀ ਥਾਂ ਹੁਣ ਮਿੱਟੀ ਨਾਲ ਭਰੇ ਥੈਲੇ ਰੱਖ ਕੇ ਆਰਜ਼ੀ ਤੌਰ 'ਤੇ ਕੰਮ ਚਲਾਇਆ ਜਾ ਰਿਹਾ ਹੈ, ਜੋ ਕਿਸੇ ਵੀ ਸਮੇਂ ਵੱਡੀ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦਾ ਹੈ। ਇਸ ਮੁੱਖ ਮਾਰਗ 'ਤੇ ਪੋਜੇਵਾਲ ਤੋਂ ਇਲਾਵਾ ਸਿੰਘਪੁਰ ਵਿਖੇ ਆਈਟੀਆਈ ਦੇ ਨੇੜੇ ਵੀ ਇੱਕ ਪੁਲੀ ਬਣੀ ਹੋਈ ਹੈ। ਦੋਵੇਂ ਪੁਲੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਮੁੱਖ ਮਾਰਗ ਹੋਣ ਕਾਰਨ ਇੱਥੋਂ ਹਰ ਰੋਜ਼ ਵੱਡੀ ਗਿਣਤੀ ਵਿਚ ਵਾਹਨ ਲੰਘਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਵਾਜਾਈ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਰਸਾਤ ਦੇ ਦਿਨਾਂ ਵਿਚ ਪੁਲੀਆਂ ਦੀ ਖਸਤਾ ਹਾਲਤ ਹੋਰ ਵੀ ਖ਼ਤਰਨਾਕ ਬਣ ਜਾਂਦੀ ਹੈ।
ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿਚ ਧੁੰਦ ਕਾਰਨ ਵੀ ਇੱਥੇ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਨ੍ਹਾਂ ਪੁਲੀਆਂ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਦੱਸਣਯੋਗ ਹੈ ਕਿ ਸਿੰਘਪੁਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸੜਕ ਦੇ ਨਵੀਨੀਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਦੀ ਕਾਰ ਸੇਵਾ ਸ੍ਰੀ ਆਨੰਦਪੁਰ ਸਾਹਿਬ ਦੇ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕਰਵਾਈ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਦੂਜੇ ਪਾਸੇ ਸਰਕਾਰ ਵੱਲੋਂ ਅਜਿਹੇ ਮੁੱਖ ਮਾਰਗ 'ਤੇ ਪੋਜੇਵਾਲ ਅਤੇ ਸਿੰਘਪੁਰ ਦੀਆਂ ਪੁਲੀਆਂ ਦੀ ਮਾੜੀ ਹਾਲਤ ਦੀ ਰਿਪੇਅਰ ਨਾ ਕਰਾਉਣਾ ਚਿੰਤਾ ਦਾ ਵਿਸ਼ਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ, ਸਰਕਾਰ ਅਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪੁਲੀਆਂ ਦੀ ਤੁਰੰਤ ਮੁਰੰਮਤ ਜਾਂ ਨਵੀਨੀਕਰਨ ਕਰਵਾਈ ਜਾਵੇ। ਨਾਲ ਹੀ ਪੁਲੀਆਂ ਦੇ ਟੁੱਟੇ ਸੁਰੱਖਿਆ ਜੰਗਲੇ ਵੀ ਤੁਰੰਤ ਲਗਾਏ ਜਾਣ, ਤਾਂ ਜੋ ਵਾਹਨ ਚਾਲਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।