ਕਿਤਾਬ 'ਸੋਚਾਂ ਦੇ ਵਲਵਲਿਆਂ ਵਿਚੋ ਉੱਭਰੇ ਜਜ਼ਬਾਤ' ਰਿਲੀਜ਼ ਕਿਤਾਬ 'ਸੋਚਾਂ ਦੇ ਵਲਵਲਿਆਂ ਵਿਚੋ ਉੱਭਰੇ ਜਜ਼ਬਾਤ' ਰਿਲੀਜ਼
Publish Date: Sun, 27 Sep 2026 05:33 PM (IST)
Updated Date: Mon, 28 Sep 2026 04:03 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਨਾਮਵਰ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਦੀ ਪੁਸਤਕ ਸੋਚਾਂ ਦੇ ਵਲਵਲਿਆਂ ਵਿਚੋਂ ਉੱਭਰੇ ਜਜ਼ਬਾਤ ਰਿਲੀਜ਼ ਕੀਤੀ ਗਈ। ਇਹ ਰਸਮ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਐਮਐਸ ਕਰਨ ਹਸਪਤਾਲ ਬੰਗਾ, ਸਤਪਾਲ ਸਾਹਲੋਂ ਸੰਪਾਦਕ ਅਦਬੀ ਮਹਿਕ, ਦਵਿੰਦਰ ਸਕੋਹਪੁਰੀ ਪ੍ਰਧਾਨ ਨਵਜੋਤ ਸਾਹਿਤ ਸੰਸਥਾ ਔੜ ਅਤੇ ਸੁਰਜੀਤ ਮਜਾਰੀ ਸੰਸਥਾਪਕ ਸਮਾਜਿਕ ਸਾਂਝ ਸੰਸਥਾ ਬੰਗਾ ਨੇ ਸਾਂਝੇ ਤੌਰ ਤੇ ਨਿਭਾਈ। ਇਨ੍ਹਾਂ ਪਤਵੰਤਿਆਂ ਨੇ ਉਕਤ ਕਿਤਾਬ ਅਤੇ ਇਸ ਦੇ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸਮਾਜ ਅੰਦਰ ਪਰਿਵਾਰਕ, ਸਮਾਜਿਕ, ਰਾਜਸੀ ਅਤੇ ਅਧਿਆਤਮਕ ਤੌਰ ਤੇ ਪ੍ਰੀਵਰਤਤ ਹੋ ਰਹੀਆਂ ਪ੍ਰਸਿਥੀਆਂ ਦਾ ਢੁੱਕਵਾਂ ਅਨੁਵਾਦ ਹੈ। ਉਨ੍ਹਾਂ ਇਸ ਕਿਤਾਬ ਲਈ ਇਸ ਦੀ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਨੂੰ ਵਧਾਈ ਦਿੰਦਿਆਂ ਉਸ ਵੱਲੋਂ ਕਾਵਿ ਦੇ ਨਾਲ-ਨਾਲ ਵਾਰਤਕ ਖੇਤਰ ਵਿਚ ਪਰਪੱਕ ਲਿਖਤਾਂ ਨੂੰ ਸਾਹਿਤਕ ਵਿਹੜੇ ਦਾ ਭਾਗ ਦੱਸਿਆ। ਉਨ੍ਹਾਂ ਕਿਹਾ ਕਿ ਲੇਖਿਕਾ ਦਾ ਅਧਿਆਪਨ ਖੇਤਰ ਵਿਚ ਵੱਡੇ ਪੱਧਰ ਦੀਆਂ ਉਪਲੱਬਧੀਆਂ ਕਰਨਾ ਵੀ ਸਨਮਾਨਯੋਗ ਹੈ। ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਨੇ ਦੱਸਿਆ ਕਿ ਉਸ ਨੇ ਸਮਾਂ ਦਰ ਸਮਾਂ ਜਨ ਜੀਵਨ ਅੰਦਰ ਜਿਸ ਤਰ੍ਹਾਂ ਦੇ ਉਤਰਾਅ-ਚੜਾਅ ਦੇਖਣ ਅਤੇ ਇਨ੍ਹਾਂ ਚੋਂ ਕਈਆਂ ਨੂੰ ਹੰਢਾਉਂਦਿਆਂ ਮਨ ਚ ਚਿਤਵੇ ਵਿਚਾਰਾਂ ਨੂੰ ਹੀ ਇਨ੍ਹਾਂ ਕਹਾਣੀਆਂ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਆਪਣੀਆਂ ਲਿਖਤਾਂ ਬਾਰੇ ਪਾਠਕਾਂ ਨੂੰ ਨਿਰਪੱਖ ਰਾਏ ਬਣਾਉਣ ਦੀ ਅਪੀਲ ਵੀ ਕੀਤੀ ਅਤੇ ਨਵਜੋਤ ਸਾਹਿਤ ਸੰਸਥਾ ਔੜ ਨਾਲ ਜੁੜਣ ਤੋਂ ਬਾਅਦ ਮਿਲੇ ਉਤਸ਼ਾਹ ਲਈ ਧੰਨਵਾਦੀ ਸ਼ਬਦ ਵੀ ਸਾਂਝੇ ਕੀਤੇ। ਮੰਚ ਦਾ ਸੰਚਾਲਨ ਡਾ. ਕੇਵਲ ਰਾਮ ਨਵਾਂਸ਼ਹਿਰ ਨੇ ਕੀਤਾ। ਇਸ ਮੌਕੇ ਸ਼ਾਇਰ ਗੁਰਨੇਕ ਸਿੰਘ ਸ਼ੇਰ, ਪ੍ਰਿੰ. ਰਾਮ ਕਿਸ਼ਨ ਕਟਾਰੀਆ, ਗਾਇਕ ਹਰੀ ਕ੍ਰਿਸ਼ਨ ਪਟਵਾਰੀ, ਗੀਤਕਾਰ ਦੇਸ ਰਾਜ ਬਾਲੀ, ਅਧਿਆਪਕ ਸ਼ਿਵ ਬਛੌੜੀ ਆਦਿ ਵੀ ਸ਼ਾਮਲ ਸਨ।