ਮੋਹਨ ਸਿੰਘ ਮਾਨ ਵੱਲੋਂ ਲਿਖੀ ਪੁਸਤਕ ‘ਮਾਤਾ ਧਰਤਿ ਮਹਤੁ’ ਲੋਕ ਅਰਪਣ ਮੋਹਨ ਸਿੰਘ ਮਾਨ ਵੱਲੋਂ ਲਿਖੀ ਪੁਸਤਕ 'ਮਾਤਾ ਧਰਤਿ ਮਹਤੁ' ਲੋਕ ਅਰਪਣ
Publish Date: Sun, 01 Nov 2026 03:44 PM (IST)
Updated Date: Sun, 01 Nov 2026 03:47 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅਮਰੀਕਾ ਵਾਸੀ ਉੱਘੇ ਸਮਾਜ ਸੇਵੀ ਅਤੇ ਲੇਖਕ ਮੋਹਨ ਸਿੰਘ ਮਾਨ ਦੀ ਲਿਖੀ ਦੂਜੀ ਪੁਸਤਕ ‘ਮਾਤਾ ਧਰਤਿ ਮਹਤੁ’ ਲੋਕ ਅਰਪਣ ਕੀਤੀ। ਸਮਾਗਮ ਵਿਚ ਉੱਘੇ ਸਮਾਜ ਸੇਵਕ ਹਰਦੇਵ ਸਿੰਘ ਕਾਹਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਚ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੰਦਿਆਂ ਇਸ ਦੀ ਮਹੱਤਤਾ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਧਰਤੀ ਸਾਨੂੰ ਅੰਨ, ਪਾਣੀ, ਹਵਾ ਅਤੇ ਜੀਵਨ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਪ੍ਰਦਾਨ ਕਰਦੀ ਹੈ, ਪਰ ਅਫ਼ਸੋਸ ਕਿ ਮਨੁੱਖ ਆਪਣੀਆਂ ਲੋੜਾਂ ਅਤੇ ਸਵਾਰਥਾਂ ਦੀ ਪੂਰਤੀ ਲਈ ਇਸ ਕੁਦਰਤੀ ਦਾਤ ਦਾ ਬੇਰਹਿਮੀ ਨਾਲ ਸ਼ੋਸ਼ਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਲਗਾਤਾਰ ਡਿੱਗ ਰਿਹਾ ਪੱਧਰ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ, ਰੁੱਖਾਂ ਦੀ ਕਟਾਈ ਅਤੇ ਧਰਤੀ ਦੀ ਉਪਜਾਊ ਸ਼ਕਤੀ ਦਾ ਘਟਣਾ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੋਹਨ ਸਿੰਘ ਮਾਨ ਨੇ ਆਪਣੀ ਇਸ ਪੁਸਤਕ ਰਾਹੀਂ ਸਮਾਜ ਨੂੰ ਇੱਕ ਬਹੁਤ ਹੀ ਸਾਰਥਕ ਅਤੇ ਸਮੇਂ ਦੀ ਲੋੜ ਅਨੁਸਾਰ ਸੁਨੇਹਾ ਦਿੱਤਾ ਹੈ ਕਿ ਧਰਤੀ ਦੀ ਸੰਭਾਲ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪੁਸਤਕਾਂ ਸਮਾਜ ਦੀ ਸੋਚ ਬਦਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਦਿਸ਼ਾ ਦੇਣ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਰੋਟਰੀ ਕਲੱਬ ਬੰਗਾ, ਗ੍ਰੀਨ ਦੀ ਵਿਸ਼ੇਸ਼ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਸਿੱਖਿਆ, ਸਿਹਤ, ਵਾਤਾਵਰਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਨਿਰਸਵਾਰਥ ਸੇਵਾ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਕਿਸੇ ਪੁਸਤਕ ਨੂੰ ਲੋਕ ਅਰਪਣ ਕਰਨਾ ਹੀ ਕਾਫ਼ੀ ਨਹੀਂ, ਸਗੋਂ ਉਸ ਦੀ ਚੰਗੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਅਤੇ ਲੋਕਾਂ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਲੱਬ ਨੂੰ ਇਸ ਨੇਕ ਉਪਰਾਲੇ ਲਈ ਵਧਾਈ ਅਤੇ ਧੰਨਵਾਦ ਦਿੱਤਾ। ਨਗਰ ਕੌਂਸਲ ਬੰਗਾ ਦੀ ਪ੍ਰਧਾਨ ਮੋਨਿਕਾ ਵਾਲੀਆ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੰਗਾ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਲਈ ਸੜਕਾਂ, ਸਫ਼ਾਈ, ਪਾਰਕਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸਲ ਵਿਕਾਸ ਉਹ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਅਤੇ ਸ਼ੁੱਧ ਪਾਣੀ ਦੇ ਸਕੇ। ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ ਅਤੇ ਇਹ ਪੁਸਤਕ ਨੌਜਵਾਨ ਪੀੜ੍ਹੀ ਨੂੰ ਧਰਤੀ, ਪਾਣੀ, ਹਵਾ ਅਤੇ ਕੁਦਰਤ ਦੀ ਮਹੱਤਤਾ ਸਮਝਣ ਲਈ ਪ੍ਰੇਰਿਤ ਕਰੇਗੀ। ਕਾਲਜ ਪ੍ਰਬੰਧਕੀ ਕਮੇਟੀ ਦੇ ਸਥਾਨਕ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਮੋਹਨ ਸਿੰਘ ਮਾਨ ਨੇ ਇਸ ਪੁਸਤਕ ਰਾਹੀਂ ਧਰਤੀ ਮਾਂ ਦੀ ਮਹੱਤਤਾ ਅਤੇ ਵਾਤਾਵਰਨ ਦੀ ਸੰਭਾਲ ਦਾ ਬਹੁਤ ਹੀ ਕੀਮਤੀ ਸੁਨੇਹਾ ਦਿੱਤਾ ਹੈ। ਜਿਸ ਨੂੰ ਹਰ ਘਰ ਅਤੇ ਖ਼ਾਸ ਕਰਕੇ ਨੌਜਵਾਨਾਂ ਤੱਕ ਪਹੁੰਚਾਉਣ ਦੀ ਲੋੜ ਹੈ। ਕਲੱਬ ਪ੍ਰਧਾਨ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਅਤੇ ਸਕੱਤਰ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਰੋਟਰੀ ਕਲੱਬ ਬੰਗਾ ਗ੍ਰੀਨ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਕਲੱਬ ਇਸ ਮਹੱਤਵਪੂਰਨ ਪੁਸਤਕ ਦੇ ਲੋਕ ਅਰਪਣ ਸਮਾਗਮ ਦਾ ਗਵਾਹ ਬਣਿਆ ਹੈ। ਕਲੱਬ ਹਮੇਸ਼ਾ ਬਿਨਾਂ ਕਿਸੇ ਲਾਲਚ ਦੇ ਲੋੜਵੰਦਾਂ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਪੁਸਤਕ ਦੀ ਵਿਚਾਰਧਾਰਾ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਆਰਥਿਕ ਪੱਖੋਂ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਚੁੱਕੇਗਾ। ਇਸ ਮੌਕੇ ਅਮਰਦੀਪ ਬੰਗਾ, ਸਰਪੰਚ ਤਲਵਿੰਦਰ ਸਿੰਘ ਗੁਣਾਚੌਰ, ਡਾ. ਬਿੰਦੂ ਕੈਂਥ, ਸੁਖਵਿੰਦਰ ਕੁਮਾਰ ਹੈੱਡ ਮਾਸਟਰ ਬੀਰਮਪੁਰ ਅਤੇ ਮਾਸਟਰ ਜਸਪਾਲ ਸਿੰਘ ਸ਼ੌਂਕੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਡਾ. ਨਿਰਮਲਜੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਰੋਟੇਰੀਅਨ ਰਣਜੀਤ ਸਿੰਘ ਕੰਦੋਲਾ, ਰਣਵੀਰ ਸਿੰਘ ਰਾਣਾ, ਜੀਵਨ ਦਾਸ ਕੌਸ਼ਲ, ਸੁਖਵਿੰਦਰ ਸਿੰਘ ਧਾਮੀ, ਬਲਦੀਸ਼ ਲਾਲ, ਗੁਰਜੀਤ ਬੈਂਸ, ਮਾਸਟਰ ਸੁਰਜੀਤ ਸਿੰਘ ਕਰੀਹਾ, ਮਨੀ ਸੱਲਾ, ਦਲਜੀਤ ਅਰੋੜਾ, ਰਾਜ ਕੁਮਾਰੀ ਐਮਸੀ, ਮੀਨਾ ਐਮਸੀ, ਬਲਬੀਰ ਸਿੰਘ ਦਿੱਲੀ, ਡਾ. ਸੋਨਾ ਬਾਂਸਲ ਡਾ. ਨੈਨਸੀ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਸਮੁੱਚਾ ਸਮਾਗਮ ਸਾਹਿਤ, ਸਮਾਜ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਦਾ ਸੁੰਦਰ ਸੁਨੇਹਾ ਦਿੰਦਾ ਹੋਇਆ ਯਾਦਗਾਰੀ ਹੋ ਨਿਬੜਿਆ।