ਖਟਕੜ ਕਲਾਂ ’ਚ ਪੁਸਤਕ ਮਿੱਤਰ ਘਰ ਲੋਕ ਅਰਪਣ ਖਟਕੜ ਕਲਾਂ ਵਿਖੇ ਪੁਸਤਕ ਮਿੱਤਰ ਘਰ ਅਤੇ ਪੁਸਤਕਾਂ ਲੋਕ ਅਰਪਣ
Publish Date: Fri, 09 Oct 2026 04:05 PM (IST)
Updated Date: Fri, 09 Oct 2026 04:08 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼ਹੀਦ ਭਗਤ ਸਿੰਘ ਯਾਦਗਾਰੀ ਮਿਊਜ਼ੀਅਮ ਖਟਕੜ ਕਲਾਂ ਦੇ ਗੁਆਂਢ ਵਿਚ ਪੁਸਤਕ ਪ੍ਰੇਮੀਆਂ ਲਈ ਮਿਲਣੀ ਅਤੇ ਵਿਚਾਰ ਚਰਚਾ ਕੇਂਦਰ ਵਜੋਂ ਨਿਵੇਕਲਾ ਉਦਘਾਟਨ ਕੀਤਾ। ਇਸ ਵਿਲੱਖਣ ਪੁਸਤਕ ਮਿੱਤਰ ਦੇ ਸੰਚਾਲਕ ਮਾਸਟਰ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਵਿਸ਼ੇਸ਼ ਕਰਕੇ ਬਾਲ ਅਤੇ ਨੌਜਵਾਨ ਪਾਠਕਾਂ ਲਈ ਇੱਕ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹ ਹਨੇਰੇ ’ਚ ਅੰਨ੍ਹੀ ਦੌੜ ਦੌੜਨ ਦੀ ਬਜਾਏ ਰੌਸ਼ਨੀ ਦੇ ਹਮਸਫਰ ਬਣਨ ਅਤੇ ਪੁਸਤਕ ਸੱਭਿਆਚਾਰ ਨੂੰ ਗਲੇ ਲਗਾਉਣ। ਮਾਸਟਰ ਹਰਜਿੰਦਰ ਨੇ ਇਸ ਪੁਸਤਕ ਮਿੱਤਰ ਘਰ ਦੇ ਉਦਘਾਟਨ ਮੌਕੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਗੂੜ੍ਹੀਆਂ ਮਿੱਤਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਵਾਨ। ਸਿਹਤਮੰਦ, ਵਿਗਿਆਨਕ ਅਤੇ ਮਿਆਰੀ ਕਿਤਾਬਾਂ ਬਾਲ ਮਨਾ ਅਤੇ ਚੜ੍ਹਦੀ ਜੁਆਨੀ ਦਾ ਮਾਰਗ ਦਰਸ਼ਕ ਬਣ ਸਕਣ। ਇਸ ਲਈ ਇਹ ਵਿਸ਼ੇਸ਼ ਉੱਦਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਮਿੱਤਰ ਸੰਸਥਾ ਦਾ ਮੁੱਖ ਮੰਤਵ ਵਿਦਿਆਰਥੀ ਨੌਜਵਾਨਾਂ ਨੂੰ ਖਾਸ ਕਰ ਕੇ ਇਸ ਰੌਸ਼ਨ ਮੀਨਾਰ ਨਾਲ ਜੋੜਨ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪਿੰਡਾਂ ਤੱਕ ਵਿਸ਼ੇਸ਼ ਉੱਦਮ ਵੀ ਕੀਤਾ ਜਾਏਗਾ ਅਤੇ ਉਨ੍ਹਾਂ ਲਈ ਇਸ ਘਰ ਦੇ ਦੁਆਰ ਸਦਾ ਖੁੱਲ੍ਹੇ ਰਹਿਣਗੇ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਲਾਹੌਰ ਕੇਂਦਰੀ ਜੇਲ੍ਹ ਅੰਦਰ ਪੜ੍ਹਦਿਆਂ ਫਾਂਸੀ ਦੇ ਤਖ਼ਤੇ ਵੱਲ ਜਾਂਦੇ ਸਮੇਂ ਆਪਣੀ ਕਿਤਾਬ ਦਾ ਵਰਕਾ ਮੋੜਿਆ ਸੀ। ਉਹ ਵਰਕਾ ਖੋਲ ਕੇ ਸਿੱਧਾ ਕਰਨ ਲਈ ਜਿਵੇਂ ਨੌਜਵਾਨ ਪੀੜੀ ਨੂੰ ਚਿੰਨ੍ਹਾਤਮਕ ਤੌਰ ਤੇ ਇੱਕ ਸੁਨੇਹਾ ਦੇ ਕੇ ਗਏ। ਉਸ ਸੁਨੇਹੇ ਨੂੰ ਸਮਝਦਿਆਂ ਪੁਸਤਕ ਮਿੱਤਰ ਉਸਾਰ ਕੇ ਹਰਜਿੰਦਰ ਨੇ ਨੌਜਵਾਨ ਪੀੜ੍ਹੀ ਅਤੇ ਭਗਤ ਸਿੰਘ ਦੇ ਪੁਸਤਕ ਸੱਭਿਆਚਾਰ ਬਾਰੇ ਮਹੱਤਵ ਅਤੇ ਮੁਹੱਬਤ ਲਈ ਪੁਸਤਕ ਸਭਿਆਚਾਰ ਦਾ ਪੁਲ ਉਸਾਰਨ ਦੀ ਭੂਮਿਕਾ ਅਦਾ ਕੀਤੀ ਹੈ। ਇਹ ਪੁਸਤਕ ਮਿੱਤਰ ਕੇਂਦਰ ਖਟਕੜ ਕਲਾਂ ਤੱਕ ਹੀ ਸੀਮਤ ਨਾ ਰਹੇ ਸਗੋਂ ਪੁਸਤਕ ਪ੍ਰੇਮੀਆਂ ਦੇ ਵਿਸ਼ਾਲ ਪਰਿਵਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਦੀ ਬੁੱਕਲ ਵਿਸ਼ਾਲ ਕਰਨ ਵਿਚ ਮੱਦਦਗਾਰ ਹੋਣ ਤਾਂ ਜੋ ਉਦਾਸੀ, ਦਿਸ਼ਾਹੀਣਤਾ ਅਤੇ ਨਸ਼ਿਆਂ ਦੇ ਆਲਮ ਵਿਚ ਗੁਆਚਣ ਦੀ ਬਜਾਏ ਜੁਆਨੀ ਨੂੰ ਨਵੇਂ ਨਰੋਏ ਰੌਸ਼ਨ ਮਾਰਗ ਤੇ ਸਾਬਤ ਕਦਮੀਂ ਤੁਰਨ ਲਈ ਸੇਧ ਦਿੱਤੀ ਜਾ ਸਕੇ। ਨਾਮਵਰ ਕਹਾਣੀਕਾਰ ਅਜਮੇਰ ਸਿੰਘ ਸਿੱਧੂ ਨੇ ਕਿਹਾ ਕਿ ਪੁਸਤਕ ਦੇ ਸ਼ਬਦਾਂ ਵਿਚ ਅਥਾਹ ਸ਼ਕਤੀ ਹੁੰਦੀ ਹੈ। ਉਹ ਪਾਠਕ ਅਤੇ ਸਮਾਜ ਦੀ ਪੂਰੀ ਜਿੰਦਗੀ ਨੂੰ ਬਦਲ ਸਕਦੀ ਹੈ ਅਤੇ ਨਵੀਂ ਸੇਧ ਦੇ ਸਕਦੀ ਹੈ। ਉਹਨਾਂ ਨੇ ਪੁਸਤਕ ਮਿੱਤਰ ਕੇਂਦਰ ਤੋਂ ਹੋਰਨਾਂ ਸਭਨਾਂ ਨੂੰ ਵੀ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਪੁਸਤਕ ਮਿੱਤਰ ਘਰ ਦੇ ਉਦਘਾਟਨ ਸਮਾਰੋਹ ਮੌਕੇ ਪੁਸਤਕ ਮਿੱਤਰ ਸੰਸਥਾ ਵੱਲੋਂ ਹਰਜਿੰਦਰ ਸਿੰਘ ਦੀ ਸੰਪਾਦਨਾ ਵਿਚ ਪ੍ਰਕਾਸ਼ਿਤ ਤਿੰਨ ਕਿਤਾਬਾਂ‘ਸ਼ਹੀਦ ਭਗਤ ਸਿੰਘ ਤੇ ਅਸੀਂ,‘‘ਪਹਿਲਾ ਅਧਿਆਪਕ‘ ਚਿੰਗੀਜ਼ ਆਇਤਮਾਤੋਵ ਅਤੇ ਨਾ ਜਾਣੂ ਦੀਆਂ ਕਹਾਣੀਆਂ ਸੰਤੋਸ਼ ਕੌਰ, ਪਰਮਜੀਤ ਕੌਰ ਰਾਜਾ ਸਾਹਿਬ ਦਾ ਮੁਜਾਰਾ, ਪਰਮਜੀਤ ਕੌਰ ਰਾਏਪੁਰ ਡੱਬਾ, ਕਮਲੇਸ਼ ਕੌਰ ਰਸੂਲਪੁਰ ਅਤੇ ਆਸ਼ਾ ਖਟਕੜ ਕਲਾਂ ਨੇ ਲੋਕ ਅਰਪਣ ਕੀਤੀਆਂ। ਇਨ੍ਹਾਂ ਔਰਤਾਂ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਇਹ ਮਹੱਤਵਪੂਰਨ ਕਾਰਜ਼ ਦੀ ਮੋਮਬੱਤੀ ਹਰਜਿੰਦਰ ਨੇ ਜਗਾਉਣ ਦੀ ਪਹਿਲ ਕਦਮੀ ਕੀਤੀ ਹੈ ਤੇ ਹੁਣ ਮੋਮਬੱਤੀਆਂ ਦਾ ਕਾਫਲਾ ਬਣਾਉਣਾ ਸਾਡੀ ਸਭਨਾ ਦੀ ਸਾਂਝੀ ਜਿੰਮੇਵਾਰੀ ਹੈ। ਇਸ ਮੌਕੇ ਜੋਗਿੰਦਰ ਪਾਲ ਅਤੇ ਗੁਰਮੁਖ ਸਿੰਘ ਲੋਕ ਪ੍ਰੇਮੀ ਫਗਵਾੜਾ ਨੇ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤੇ।