ਸਹਾਇਕ ਸਿਵਲ ਸਰਜਨ ਨੇ ਰਮਨਜੀਤ ਕੌਰ ਨੂੰ ਸੌਂਪਿਆ ਸਰੀਰਦਾਨੀ ਕਾਰਡ ਸਹਾਇਕ ਸਿਵਲ ਸਰਜਨ ਵੱਲੋਂ ਰਮਨਜੀਤ ਕੌਰ ਨੂੰ ਸੌਂਪਿਆ ਸਰੀਰਦਾਨੀ ਕਾਰਡ
Publish Date: Fri, 16 Oct 2026 04:27 PM (IST)
Updated Date: Fri, 16 Oct 2026 04:30 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਹਾਇਕ ਸਿਵਲ ਸਰਜਨ ਡਾ. ਬਲਜੀਤ ਕਮਲ ਨੇ ਪਿੰਡ ਭਾਨਮਜਾਰਾ ਦੀ ਵਸਨੀਕ ਰਮਨਜੀਤ ਕੌਰ ਵੱਲੋਂ ਮਰਨ ਉਪਰੰਤ ਸਰੀਰਦਾਨ ਕਰਨ ਦੇ ਲਏ ਸੰਕਲਪ ਨੂੰ ਦੇਖਦਿਆਂ ਜਾਰੀ ਕੀਤਾ ਗਿਆ ਸਰੀਰਦਾਨੀ ਕਾਰਡ ਸੌਂਪਿਆ। ਉਨ੍ਹਾਂ ਕਿਹਾ ਕਿ ਸਰੀਰਦਾਨ ਮਨੁੱਖਤਾ ਦੀ ਭਲਾਈ ਲਈ ਇੱਕ ਮਹਾਨ ਕਾਰਜ ਹੈ। ਮ੍ਰਿਤਕ ਦੇਹਾਂ ਨਾਲ ਮੈਡੀਕਲ ਵਿਦਿਆਰਥੀਆਂ ਨੂੰ ਮਨੁੱਖੀ ਸਰੀਰ ਦੀ ਬਣਤਰ ਅਤੇ ਵੱਖ-ਵੱਖ ਅੰਗਾਂ ਦੀ ਕਾਰਜ ਪ੍ਰਣਾਲੀ ਨੂੰ ਵਿਹਾਰਕ ਤੌਰ ’ਤੇ ਸਮਝਣ ਵਿਚ ਮੱਦਦ ਮਿਲਦੀ ਹੈ। ਇਸ ਨਾਲ ਡਾਕਟਰੀ ਸਿੱਖਿਆ ਅਤੇ ਖੋਜ ਨੂੰ ਉਤਸ਼ਾਹ ਮਿਲਦਾ ਹੈ ਅਤੇ ਭਵਿੱਖ ਵਿਚ ਮਰੀਜ਼ਾਂ ਦੀ ਬਿਹਤਰ ਦੇਖਭਾਲ ਕਰਨ ਵਾਲੇ ਡਾਕਟਰ ਤਿਆਰ ਕਰਨ ਵਿਚ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਰੀਰਦਾਨ ਦਾ ਨੇਕ ਫ਼ੈਸਲਾ ਸਮਾਜ ਪ੍ਰਤੀ ਜ਼ਿੰਮੇਵਾਰੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਰਨਉਪਰੰਤ ਸਰੀਰਦਾਨ ਵਰਗੇ ਨੇਕ ਕਾਰਜਾਂ ਬਾਰੇ ਜਾਗਰੂਕ ਹੋਣ, ਆਪਣੇ ਪਰਿਵਾਰਕ ਮੈਂਬਰਾਂ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਇੱਛੁਕ ਹੋਣ ਦੀ ਸੂਰਤ ਵਿਚ ਨਿਰਧਾਰਤ ਪ੍ਰਕਿਰਿਆ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ। ਰਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਤੀ ਰਵਿੰਦਰ ਸਿੰਘ ਅਤੇ ਪੁੱਤਰ ਸੁਖਪ੍ਰੀਤ ਸਿੰਘ ਦੇ ਸਹਿਯੋਗ ਨਾਲ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਮਨੁੱਖੀ ਦੇਹ ਮਿੱਟੀ ਵਿਚ ਮਿਲ ਜਾਂਦੀ ਹੈ, ਪਰ ਜੇਕਰ ਇਹ ਦੇਹ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੋਜ ਵਿਚ ਸਹਾਇਕ ਬਣੇ ਅਤੇ ਭਵਿੱਖ ਵਿਚ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਯੋਗਦਾਨ ਪਾਵੇ, ਤਾਂ ਇਹ ਮਨੁੱਖਤਾ ਦੀ ਵੱਡੀ ਸੇਵਾ ਹੋਵੇਗੀ। ਇਸ ਮੌਕੇ ਦੋਆਬਾ ਸੇਵਾ ਸੰਮਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸੰਮਤੀ ਵੱਲੋਂ ਹੁਣ ਤੱਕ 151 ਵਿਅਕਤੀਆਂ ਨੂੰ ਮਰਨ ਉਪਰੰਤ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮਿਤੀ ਵੱਲੋਂ ਸਰੀਰਦਾਨ ਕਰਨ ਦੇ ਇਛੁੱਕ ਵਿਅਕਤੀਆਂ ਦੇ ਫਾਰਮ ਭਰਵਾਉਣ ਅਤੇ ਸਬੰਧਿਤ ਮੈਡੀਕਲ ਸੰਸਥਾਵਾਂ ਤੱਕ ਪਹੁੰਚਾਉਣ ਵਿਚ ਸਹਿਯੋਗ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਇੱਛਾ ਅਨੁਸਾਰ ਲੋੜੀਂਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਹਦਾਨ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਇਸ ਮਨੁੱਖਤਾ-ਭਲਾਈ ਦੇ ਕਾਰਜ ਨਾਲ ਜੁੜਨ, ਤਾਂ ਜੋ ਮਰਨ ਤੋਂ ਬਾਅਦ ਵੀ ਸਮਾਜ ਦੀ ਸੇਵਾ ਕੀਤੀ ਜਾ ਸਕੇ। ਇਸ ਮੌਕੇ ਸੇਵਾ ਮੁਕਤ ਬੈਂਕ ਮੈਨੇਜਰ ਅਸ਼ੋਕ ਸ਼ਰਮਾ, ਸੇਵਾ ਮੁਕਤ ਸੁਪਰਡੈਂਟ ਅਸ਼ੋਕ ਸ਼ਰਮਾ ਤੇ ਗੁਰਦੀਪ ਸਿੰਘ ਆਦਿ ਹਾਜ਼ਰ ਸਨ।