ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਲਾਇਆ ਐਲਟੀਐੱਸਯੂ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਲਗਾਇਆ
Publish Date: Mon, 28 Sep 2026 05:13 PM (IST)
Updated Date: Tue, 29 Sep 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਰੋਟਰੈਕਟ ਕਲੱਬ ਨੇ ਰਾਇਤ ਕਾਲਜ ਆਫ਼ ਲਾਅ ਦੇ ਸਹਿਯੋਗ ਨਾਲ, ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਖ਼ੂਨਦਾਨ ਕੈਂਪ ਲਗਾਇਆ। ਇਹ ਕੈਂਪ ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ, ਸੈਕਟਰ 37 ਚੰਡੀਗੜ੍ਹ ਅਤੇ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਲਗਾਇਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੂੰ ਸਵੈ-ਇੱਛਤ ਖ਼ੂਨਦਾਨ ਵਰਗੇ ਨੇਕ ਕਾਰਜ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਸੀ। ਖ਼ੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਡਾ. ਆਰਐੱਸ ਪਰਮਾਰ ਰੋਪੜ ਅਤੇ ਚੇਤਨ ਅਗਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਮਤੀ ਜਾਨਾਂ ਬਚਾਉਣ ਵਿਚ ਸਵੈ-ਇੱਛਤ ਖੂਨਦਾਨ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਰੋਟਰੈਕਟ ਕਲੱਬਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਭਾਈਚਾਰੇ ਦੇ ਮੈਂਬਰਾਂ ਨੂੰ ਅਜਿਹੇ ਸਮਾਜਿਕ ਜ਼ਿੰਮੇਵਾਰੀ ਵਾਲੇ ਉਪਰਾਲਿਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।।ਉਨ੍ਹਾਂ ਸਮਾਜ ਸੇਵਾ ਦੇ ਕਾਰਜਾਂ ਵਿਚ ਭਾਈਚਾਰਕ ਸ਼ਮੂਲੀਅਤ ਅਤੇ ਨੌਜਵਾਨਾਂ ਦੀ ਭਾਗੀਦਾਰੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਲੈਮਰਿਨ ਟੈਕ ਸਕਿਲਡ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਡਾ. ਏਐਸ ਚਾਵਲਾ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕੈਂਪ ਦੇ ਸਫਲ ਆਯੋਜਨ ਵਿਚ ਯੋਗਦਾਨ ਪਾਉਣ ਲਈ ਪ੍ਰਬੰਧਕਾਂ, ਵਲੰਟੀਅਰਾਂ, ਵਿਦਿਆਰਥੀਆਂ ਅਤੇ ਸਹਿਯੋਗੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਖੂਨਦਾਨ ਕੈਂਪਾਂ ਵਰਗੇ ਉਪਰਾਲੇ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀ ਅਤੇ ਸਮਾਜ ਸੇਵਾ ਦੀ ਭਾਵਨਾ ਵਿਕਸਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਪ੍ਰੋ-ਵਾਈਸ ਚਾਂਸਲਰ ਡਾ. ਬੀਐਸ ਸਤਿਆਲ, ਯੂਐਸਈਟੀ ਦੇ ਕਾਰਜਕਾਰੀ ਡੀਨ ਡਾ. ਐਚਪੀਐਸ ਧਾਮੀ, ਯੂਐੱਸਈਟੀ ਦੇ ਡਿਪਟੀ ਡੀਨ ਡਾ. ਵੀਕੇ ਸੈਣੀ ਅਤੇ ਐਚਓਡੀ ਮੀਨਾਕਸ਼ੀ ਸ਼ਰਮਾ ਵੀ ਮੌਜੂਦ ਸਨ। ਕੈਂਪ ਦਾ ਆਯੋਜਨ ਯੂਐੱਸਈਟੀ ਦੀ ਪ੍ਰੋ. ਡਾ. ਸਰਬਪ੍ਰੀਤ ਕੌਰ ਅਤੇ ਯੂਐੱਸਈਟੀ ਦੇ ਸਹਾਇਕ ਪ੍ਰੋ. ਸ਼ੁਭਮ ਸ਼ਰਮਾ ਦੁਆਰਾ ਕੀਤਾ। ਇਸ ’ਚ ਰੋਟਰੈਕਟ ਕਲੱਬ ਦੇ ਵਿਦਿਆਰਥੀਆਂ ਅਤੇ ਵਲੰਟੀਅਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਸੈਕਟਰ 37 ਚੰਡੀਗੜ੍ਹ ਦੀ ਮੈਡੀਕਲ ਟੀਮ ਨੇ ਲੋੜੀਂਦੀਆਂ ਡਾਕਟਰੀ ਪ੍ਰਕਿਰਿਆਵਾਂ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਖ਼ੂਨਦਾਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ। ਸਮਾਗਮ ਦੀ ਸਮਾਪਤੀ ਉਨ੍ਹਾਂ ਸਾਰੇ ਖ਼ੂਨਦਾਨੀਆਂ, ਵਲੰਟੀਅਰਾਂ, ਮੈਡੀਕਲ ਮਾਹਰਾਂ, ਰੋਟਰੈਕਟ ਮੈਂਬਰਾਂ ਅਤੇ ਸਹਿਯੋਗੀ ਸੰਸਥਾਵਾਂ ਦੀ ਸ਼ਲਾਘਾ ਨਾਲ ਹੋਈ। ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਇਹ ਕੈਂਪ ਸਫਲਤਾ ਪੂਰਵਕ ਆਯੋਜਿਤ ਕੀਤਾ ਜਾ ਸਕਿਆ। ਖ਼ੂਨਦਾਨ ਕਰਨ ਵਾਲੇ ਵਿਦਿਆਰਥੀਆਂ ਲਈ ਦੁੱਧ, ਫਰੂਟ ਅਤੇ ਹੋਰ ਡਾਈਟ ਦਾ ਪ੍ਰਬੰਧ ਕੀਤਾ ਗਿਆ।