ਮੂਸਾਪੁਰ ’ਚ ਪਰਾਲੀ ਦੀ ਸੰਭਾਲ ਸਬੰਧੀ ਸਿਖਲਾਈ ਕੈਂਪ ਲਗਾਇਆ ਮੂਸਾਪੁਰ ਵਿਖੇ ਪਰਾਲੀ ਦੀ ਸੰਭਾਲ ਸੰਬੰਧੀ ਬਲਾਕ ਪੱਧਰੀ ਸਿਖਲਾਈ ਕੈਂਪ ਲਗਾਇਆ
Publish Date: Thu, 20 Aug 2026 04:25 PM (IST)
Updated Date: Thu, 20 Aug 2026 04:27 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਪਿੰਡ ਮੂਸਾਪੁਰ ਵਿਖੇ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਬਲਾਕ ਪੱਧਰੀ ਸਿਖਲਾਈ ਕੈਂਪ ਲਗਾਇਆ। ਜਿਸ ਦੀ ਸ਼ੁਰੂਆਤ ਕਰਦਿਆਂ ਡਾ. ਪ੍ਰਦੀਪ ਕੁਮਾਰ ਸਹਿਯੋਗੀ ਨਿਰਦੇਸ਼ਕ ਕੇਵੀਕੇ ਲੰਗੜੋਆ ਨੇ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਲਈ ਸਵੈ-ਰੁਜ਼ਗਾਰ ਵਾਸਤੇ ਚਲਾਈਆਂ ਜਾ ਰਹੀਆਂ ਕਿੱਤਾ ਮੁੱਖੀ ਸਿਖਲਾਈਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਕਣਕ ਦੀ ਬਿਜਾਈ ਦੇ ਵੱਖ-ਵੱਖ ਢੰਗਾਂ ਅਤੇ ਸਫ਼ਲ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਬਲਜੀਤ ਸਿੰਘ ਨੇ ਸਾਉਣੀ ਅਤੇ ਹਾੜ੍ਹੀ ਦੀਆਂ ਫ਼ਸਲਾਂ ਵਿਚ ਕੀੜਿਆਂ ਅਤੇ ਬਿਮਾਰੀਆਂ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਬਾਰੇ ਦੱਸਿਆ। ਉਨ੍ਹਾਂ ਕਣਕ ਦੀ ਫ਼ਸਲ ਉੱਤੇ ਪਰਾਲੀ ਵਾਲੇ ਖੇਤਾਂ ਵਿਚ ਗੁਲਾਬੀ ਸੁੰਡੀ ਅਤੇ ਚੂਹਿਆਂ ਦੀ ਰੋਕਥਾਮ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਕੈਂਪ ਵਿਚ ਡਾ. ਤੇਜਬੀਰ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਨੇ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਿਚ ਮਿਕਸ ਕਰ ਕੇ ਵਰਤੋਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿਰਸਾਨੀ ਪ੍ਰਤੀ ਹੋ ਰਹੀਆਂ ਸਰਗਰਮੀਆਂ ਅਤੇ ਸਵੈ-ਰੁਜ਼ਗਾਰ ਬਾਰੇ ਚਾਨਣਾ ਪਾਇਆ। ਉਨ੍ਹਾਂ ਘਰੇਲੂ ਪੌਸ਼ਟਿਕ ਬਗੀਚੀ ਅਤੇ ਕੁਦਰਤੀ ਖੇਤੀ ਤਹਿਤ ਰਸਾਇਣ ਮੁਕਤ ਸਬਜ਼ੀਆਂ ਦੀ ਕਾਸ਼ਤ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਮੌਕੇ ਡਾ. ਜਸਵਿੰਦਰ ਕੁਮਾਰ ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ ਨੇ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫੇਸ ਸੀਡਰ ਮਸ਼ੀਨਾਂ ਦੀ ਵਰਤੋਂ ਦੀਆਂ ਵਿਸ਼ੇਸ਼ਤਾਵਾਂ ਅਤੇ ਸਾਵਧਾਨੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਕੈਂਪ ਵਿਚ ਕਿਸਾਨਾਂ ਨੇ ਪਰਾਲੀ ਦੀ ਸੰਭਾਲ ਖੇਤ ਵਿਚ ਹੀ ਕਰਨ ਦਾ ਅਹਿਦ ਲਿਆ।