ਪਾਰਟੀ ਦੀ ਰਜਿਸਟ੍ਰੇਸ਼ਨ ਰੋਕਣਾ ਲੋਕਤੰਤਰ ਦਾ ਘਾਣ : ਐਡਵੋਕੇਟ ਪ੍ਰਵੇਸ਼ ਖੋਸਲਾ ਪਾਰਟੀ ਦੀ ਰਜਿਸਟਰੇਸ਼ਨ ਰੋਕਣਾ ਲੋਕਤੰਤਰ ਦਾ ਘਾਣ-ਐਡਵੋਕੇਟ ਪ੍ਰਵੇਸ਼ ਖੋਸਲਾ
Publish Date: Thu, 15 Oct 2026 06:08 PM (IST)
Updated Date: Thu, 15 Oct 2026 06:09 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੰਜਾਬ ਦੇ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਾਲੀ ਨਵੀਂ ਸਿਆਸੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ ਦਾ ਮਾਮਲਾ ਹੁਣ ਕਾਨੂੰਨੀ ਅਤੇ ਸਿਆਸੀ ਗਲਿਆਰਿਆਂ ਵਿਚ ਜਿੱਥੇ ਭਖ ਰਿਹਾ ਹੈ, ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ ਖੋਸਲਾ ਨੇ ਤਿੱਖੀ ਪ੍ਰਤਿਕਿਰਿਆ ਜਾਰੀ ਕਰਦੇ ਹੋਏ ਆਖਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਇੱਕ ਅਜਿਹੀ ਪਾਰਟੀ ਹੈ। ਜੋ ਪੰਜਾਬ ਦੀ ਅਸਲ ਖੇਤਰੀ ਪਾਰਟੀ ਹੈ ਅਤੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰ ਹੁਣ ਇਸ ਵੇਲੇ ਘਬਰਾਏ ਹੋਏ ਹਨ ਅਤੇ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਜਿੱਥੇ ਸਰਕਾਰ ਬਣਨ ਜਾ ਰਹੀ ਹੈ ਉੱਥੇ ਹੀ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਇਸ ਗੱਲ ਦੀ ਘਬਰਾਹਟ ਵਿਚ ਹੁਣ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਮਿਲ ਕੇ ਲੋਕਤੰਤਰ ਦਾ ਘਾਣ ਕਰਨ ’ਤੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲ ਕੇ ਜਿੰਨੇ ਮਰਜ਼ੀ ਹੱਥਕੰਡੇ ਅਪਣਾ ਲੈਣ ਪਰ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਸਰਕਾਰ ਏ ਖਾਲਸਾ’ ਬਣ ਕੇ ਹੀ ਰਹੇਗੀ। ਉਨ੍ਹਾਂ ਕਿਹਾ ਕਿ ਜਿੱਥੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀ ਜੇਲ੍ਹ ਵਿਚੋਂ ਰਿਹਾਅ ਹੋਣਗੇ ਉੱਥੇ ਹੀ ਬੰਦੀ ਸਿੰਘਾਂ ਨੂੰ ਵੀ ਜੇਲ੍ਹਾਂ ਵਿਚੋਂ ਰਿਹਾਅ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅੰਦਰ ਪੰਜਾਬ ਦੇ ਹਰ ਵਰਗ ਦਾ ਖਿਆਲ ਰੱਖਿਆ ਜਾਵੇਗਾ ਅਤੇ ਹਰ ਕਿਸੇ ਦੀਆਂ ਮੁਸ਼ਕਿਲਾਂ ਦਾ ਹੱਲ ਹੋਵੇਗਾ।