- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਪੱਧਰੀ ਖੇਤ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਟਾਰੀਆਂ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬੰਗਾ ਵੱਲੋਂ ਪੰਜਾਬ ਸਰਕਾਰ ਦੀ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਝੋਨੇ ਦੀ ਸਿੱਧੀ ਬਿਜਾਈ ਮੁਹਿੰਮ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ। ਇਸ ਲੜੀ ਤਹਿਤ ਪਿੰਡ ਕਟਾਰੀਆਂ ਵਿਖੇ ਬਲਾਕ ਪੱਧਰੀ ਖੇਤ ਦਿਵਸ ਮਨਾਇਆ। ਜਿਸ ਵਿਚ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਸਿਖਲਾਈ ਅਫਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਸਾਧਨਾਂ ਦੀ ਸੰਭਾਲ ਲਈ ਘੱਟ ਸਮਾਂ ਅਤੇ ਘੱਟ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਚੋਣ ਨੂੰ ਤਰਜੀਹ ਦੇਣ ਨੂੰ ਕਿਹਾ ਤਾਂ ਕਿ ਜ਼ਮੀਨ ਹੇਠਲੇ ਵਡਮੁੱਲੇ ਪਾਣੀ ਦੀ ਬਚਤ ਹੋ ਸਕੇ। ਡਾ. ਲਛਮਣ ਦਾਸ ਬਲਾਕ ਖੇਤੀਬਾੜੀ ਅਫਸਰ ਬੰਗਾ ਨੇ ਸਾਉਣੀ ਦੀਆਂ ਫਸਲਾਂ ਦੇ ਰੋਗਾਂ ਦੀ ਰੋਕਥਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਹਾੜੀ ਵਿਚ ਤੇਲ ਬੀਜ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਪੀਏਯੂ ਵੱਲੋਂ ਕਣਕ, ਤੇਲ ਬੀਜ ਅਤੇ ਬਰਸੀਮ ਦੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਨਵੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ। ਡਾ. ਸੁਰਿੰਦਰ ਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਤੇ ਪਰਾਲੀ ਦੀ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਿਲ ਰਹੀ ਸਰਕਾਰੀ ਸਹਾਇਤਾ ਲੈਣ ਲਈ ਕਿਹਾ। ਡਾ. ਵਿਕਰਮ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਐਗਰੀਸਟੈੱਕ ਦੀ ਆਈਡੀ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨ ਇਹ ਆਈਡੀ ਜਲਦ ਤੋਂ ਜਲਦ ਬਣਵਾ ਲੈਣ ਤਾਂ ਜੋ ਆਉਣ ਵਾਲੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਬਸਿਡੀ ਲੈਣ ਲਈ ਕੋਈ ਦਿੱਕਤ ਨਾ ਆਵੇ। ਕੈਂਪ ’ਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 16 ਕਿਸਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜਥੇ. ਸਵਰਨ ਸਿੰਘ ਲਾਦੀਆਂ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।