ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੌਜਵਾਨਾਂ ਨੂੰ ਦੇਵੇਗੀ ਨਵੀਂ ਦਿਸ਼ਾ : ਐਡਵੋਕੇਟ ਲੱਕੀ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੌਜਵਾਨਾਂ ਨੂੰ ਦੇਵੇਗੀ ਨਵੀਂ ਦਿਸ਼ਾ-ਐਡਵੋਕੇਟ ਲੱਕੀ
Publish Date: Mon, 21 Sep 2026 04:51 PM (IST)
Updated Date: Tue, 22 Sep 2026 04:05 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਯਾਤਰਾ ਪੰਜਾਬ ਦੀਆਂ ਸਾਰੀਆ 117 ਵਿਧਾਨ ਸਭਾ ਸੀਟਾਂ ਤੱਕ ਪਹੁੰਚ ਕੇ ਨਸ਼ਿਆਂ ਵਿਰੁੱਧ ਜਨ ਜਾਗਰੂਕਤਾ ਪੈਦਾ ਕਰਨ ਦਾ ਸੁਨੇਹਾ ਦੇਵੇਗੀ। ਇਹ ਵਿਚਾਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਰਦਿਆਂ ਆਖਿਆ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਸਿਰਫ ਇੱਕ ਯਾਤਰਾ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਦੀ ਇੱਕ ਵੱਡੀ ਕੋਸ਼ਿਸ਼ ਹੈ। ਜਿਸ ਰਾਹੀਂ ਨੌਜਵਾਨਾਂ ਨੂੰ ਸਿੱਖਿਆ, ਰੁਜਗਾਰ, ਖੇਡਾਂ, ਹੁਨਰ ਵਿਕਾਸ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਨਸ਼ਾ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਪਰਿਵਾਰਕ ਢਾਂਚੇ ਨੂੰ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਕਰਦਾ ਹੋਇਆ ਅੱਜ ਇੱਕ ਗੰਭੀਰ ਚੁਣੌਤੀ ਬਣ ਚੁੱਕਿਆ ਹੈ। ਜਦਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਸਿਰਫ ਮਸ਼ਹੂਰੀਆਂ ਤੱਕ ਹੀ ਦਾਅਵੇ ਕੀਤੇ ਜਾਂਦੇ ਹਨ। ਦੂਜੇ ਪਾਸੇ ਨਸ਼ਿਆਂ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ਨਾਲ ਸੂਬੇ ਦੀ ਸਰਕਾਰ ਵੱਲੋਂ ਮਾੜਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਤੋਂ ਉਪਰ ਉੱਠ ਕੇ ਠੋਸ ਅਤੇ ਪਾਰਦਰਸ਼ੀ ਕਾਰਵਾਈ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਅਜਿਹੀ ਵਿਕਾਸ ਮੁਖੀ ਦਿਸ਼ਾ ਦੀ ਲੋੜ ਹੈ, ਜਿੱਥੇ ਨੌਜਵਾਨਾ ਲਈ ਰੋਜਗਾਰ ਦੇ ਮੌਕੇ ਵਧਣ, ਉਦਯੋਗਾਂ ਨੂੰ ਉਤਸਾਹ ਮਿਲੇ, ਕਿਸਾਨਾਂ ਦੀ ਆਮਦਨ ਅਤੇ ਖੇਤੀਬਾੜੀ ਨਾਲ ਜੁੜੇ ਮੌਕੇ ਮਜਬੂਤ ਹੋਣ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਸੁਧਾਰ ਹੋਵੇ ਅਤੇ ਪੰਜਾਬ ਦੀ ਨੌਜਵਾਨ ਸ਼ਕਤੀ ਨੂੰ ਨਸ਼ਿਆਂ ਦੀ ਬਜਾਏ ਵਿਕਾਸ ਨਾਲ ਜੋੜਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਮਜਬੂਤ ਸੰਗਠਨ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਦੇ ਆਧਾਰ ਤੇ ਸਰਕਾਰ ਬਣਾਉਣ ਦੇ ਟੀਚੇ ਨਾਲ ਅੱਗੇ ਵਧ ਰਹੀ ਹੈ। ਅਖੀਰ ਵਿਚ ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤ ਪੰਜਾਬ ਯਾਤਰਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਇੱਕ ਨਵਾਂ ਸੰਦੇਸ਼ ਦੇਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ, ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ ਲੋਕਾਂ ਦੀ ਸਾਂਝੀ ਭੂਮਿਕਾ ਨੂੰ ਹੋਰ ਮਜਬੂਤ ਕਰੇਗੀ।