ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕੀਤੀ ਜ਼ਿਲ੍ਹਾ ਪੱਧਰੀ ਇਕੱਤਰਤਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ
Publish Date: Sat, 29 Aug 2026 03:19 PM (IST)
Updated Date: Sat, 29 Aug 2026 03:22 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹੋਈ। ਜਿਸ ਵਿਚ ਯੂਨੀਅਨ ਵੱਲੋਂ ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਕਿਸਾਨ ਸੰਘਰਸ਼ ਮੋਰਚੇ ਦੇ ਧਰਨੇ ਸਬੰਧੀ ਤਿਆਰੀਆਂ ਦਾ ਪੂਰੀ ਤਰ੍ਹਾਂ ਜਾਇਜ਼ਾ ਲਿਆ ਅਤੇ ਕਿਸਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਆਗੂਆਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਇਹ ਧਰਨਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ-ਭਾਰਤ ਵਪਾਰਕ ਮੁਕਤ ਸਮਝੌਤੇ ਦਾ ਵਿਰੋਧ, ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਕੋਲ ਹੀ ਰਹਿਣ, ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ’ਤੇ ਪੂਰਨ ਤੌਰ ’ਤੇ ਲਕੀਰ ਮਾਰਨ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਇਸ ਤੋਂ ਇਲਾਵਾ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਦੀ ਆਵਾਜ਼ ਵੀ ਧਰਨੇ ਰਾਹੀਂ ਸਰਕਾਰ ਤੱਕ ਪਹੁੰਚਾਈ ਜਾਵੇਗੀ। ਚੰਡੀਗੜ੍ਹ ਵਿਖੇ ਇਹ ਧਰਨਾ 1 ਸਤੰਬਰ ਤੋਂ 7 ਸਤੰਬਰ ਤੱਕ ਇਕ ਹਫਤਾ ਚੱਲੇਗਾ। ਕਿਸਾਨ ਟਰਾਲੀਆਂ, ਟਰੈਕਟਰਾਂ ਅਤੇ ਹੋਰ ਗੱਡੀਆਂ ਰਾਹੀਂ ਇੱਕ ਹਫਤੇ ਤੱਕ ਚੱਲਣ ਵਾਲੇ ਇਸ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਧਰਨੇ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਲਈ ਖਾਣ-ਪੀਣ, ਨਹਾਉਣ ਅਤੇ ਰਹਿਣ ਸਮੇਤ ਲੋੜੀਂਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਾਫਲਾ 1 ਸਤੰਬਰ ਨੂੰ ਸਵੇਰੇ 9 ਵਜੇ ਟੋਲ ਪਲਾਜ਼ਾ ਬੱਛੂਆ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗਾ। ਸਵਰਨ ਸਿੰਘ ਨੰਗਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਏਕਤਾ ਅਤੇ ਵੱਡੀ ਸ਼ਮੂਲੀਅਤ ਹੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਵੇਗੀ। ਇਸ ਮੌਕੇ ਵਾਈਸ ਪ੍ਰਧਾਨ ਸਵਰਨ ਸਿੰਘ ਨੰਗਲ, ਗੁਰਮੁੱਖ ਸਿੰਘ ਮਹਿਮੂਦਪੁਰ ਜ਼ਿਲ੍ਹਾ ਸਕੱਤਰ, ਹਰਦੀਪ ਸਿੰਘ ਰੈਲ ਮਾਜਰਾ ਜਨਰਲ ਸਕੱਤਰ, ਸੁਖਵੰਤ ਸਿੰਘ ਚੀਮਾ, ਬਾਬਾ ਬਲਵੀਰ ਸਿੰਘ ਬਿੱਲੂ, ਨੰਬਰਦਾਰ ਅਮਰੀਕ ਸਿੰਘ ਹਸਨਪੁਰ ਖੁਰਦ, ਵਿਸ਼ਾਲ ਹੱਕਲਾ, ਰਘਬੀਰ ਸਿੰਘ, ਨਿਰਮਲ ਸਿੰਘ, ਸੰਤੋਖ ਸਿੰਘ ਰੈਲ ਮਾਜਰਾ ਸਮੇਤ ਹੋਰ ਕਿਸਾਨ ਆਗੂਆਂ ਨੇ ਇਸ ਧਰਨੇ ਵਿਚ ਸ਼ਾਮਲ ਹੋਣ ਲਈ ਵਚਨਬੱਧਤਾ ਦੁਹਰਾਈ।