ਬੀਡੀਐੱਸ ਦੀ ਵਿਦਿਆਰਥਣ ਗੁਰਜੋਤ ਕੌਰ ਦਾ ਵਿਸ਼ੇਸ਼ ਸਨਮਾਨ ਬੀਡੀਐਸ ਦੀ ਵਿਦਿਆਰਥਣ ਗੁਰਜੋਤ ਕੌਰ ਲੜੋਆ ਦਾ ਕੀਤਾ ਵਿਸ਼ੇਸ਼ ਸਨਮਾਨ
Publish Date: Sat, 19 Sep 2026 03:39 PM (IST)
Updated Date: Sat, 19 Sep 2026 03:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਸਮਾਜ ਵਿਚ ਸਿੱਖਿਆ, ਮਿਹਨਤ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਵੱਲੋਂ ਕੋ-ਆਪ੍ਰੇਟਿਵ ਬੈਂਕ ਔੜ ਦੇ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਬੀਡੀਐੱਸ ਦੀ ਹੋਣਹਾਰ ਵਿਦਿਆਰਥਣ ਗੁਰਜੋਤ ਕੌਰ ਲੜੋਆ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਉਸ ਨੂੰ ਸਨਮਾਨ ਵਜੋਂ ਪੌਦਾ ਭੇਟ ਕਰ ਕੇ ਵਾਤਾਵਰਣ ਸੰਭਾਲ ਅਤੇ ਸਿੱਖਿਆ ਦੋਵਾਂ ਦਾ ਸੁੰਦਰ ਸੁਨੇਹਾ ਦਿੱਤਾ।।ਇਸ ਮੌਕੇ ਸੁਸਾਇਟੀ ਦੇ ਆਗੂ ਜੀਤ ਰਾਮ ਹਿਆਲਾ ਅਤੇ ਕੋ-ਆਪਰੇਟਿਵ ਬੈਂਕ ਔੜ ਦੇ ਮੈਨੇਜਰ ਗੋਪਾਲ ਬਾਂਸਲ ਨੇ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਉਸ ਸਮੇਂ ਸੰਭਵ ਹੈ ਜਦੋਂ ਅਸੀਂ ਆਪਣੇ ਹੋਣਹਾਰ ਬੱਚਿਆਂ ਦੀ ਹੌਸਲਾ-ਅਫਜ਼ਾਈ ਕਰੀਏ ਅਤੇ ਉਨ੍ਹਾਂ ਦੀ ਮਿਹਨਤ ਨੂੰ ਬਣਦਾ ਮਾਣ-ਸਤਿਕਾਰ ਦੇਈਏ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਰਕਾਰੀ ਸਕੂਲਾਂ ਤੋਂ ਸਿੱਖਿਆ ਹਾਸਲ ਕਰ ਕੇ ਉੱਚ ਪੱਧਰ ਦੀ ਪੜ੍ਹਾਈ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀ ਸਮਾਜ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਕਿਸੇ ਵਿਦਿਆਰਥੀ ਦੀ ਸਫਲਤਾ ਸਿਰਫ਼ ਉਸ ਦੇ ਪਰਿਵਾਰ ਦੀ ਖੁਸ਼ੀ ਨਹੀਂ ਹੁੰਦੀ, ਸਗੋਂ ਉਸ ਨਾਲ ਸਕੂਲ, ਅਧਿਆਪਕਾਂ, ਪਿੰਡ ਅਤੇ ਪੂਰੇ ਇਲਾਕੇ ਦਾ ਮਾਣ ਵੀ ਜੁੜਿਆ ਹੁੰਦਾ ਹੈ। ਅਜਿਹੇ ਬੱਚਿਆਂ ਦੀ ਹੌਸਲਾ-ਅਫਜ਼ਾਈ ਨਾਲ ਹੋਰ ਵਿਦਿਆਰਥੀਆਂ ਵਿਚ ਵੀ ਮਿਹਨਤ ਕਰਨ ਅਤੇ ਆਪਣੇ ਜੀਵਨ ਵਿਚ ਉੱਚੇ ਟੀਚੇ ਨਿਰਧਾਰਤ ਕਰਨ ਦੀ ਪ੍ਰੇਰਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰਜੋਤ ਕੌਰ ਲੜੋਆ ਦਾ ਸਨਮਾਨ ਇਸ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿ ਉਸ ਨੇ ਮਿਹਨਤ ਅਤੇ ਲਗਨ ਨਾਲ ਬੀਡੀਐੱਸ ਦੀ ਪੜ੍ਹਾਈ ਦੇ ਖੇਤਰ ਵਿਚ ਆਪਣਾ ਮੁਕਾਮ ਬਣਾਇਆ ਹੈ। ਉਨ੍ਹਾਂ ਕਿਹਾ ਕਿ ਗੁਰਜੋਤ ਕੌਰ ਪ੍ਰਸਿੱਧ ਉਸਤਾਦ ਲਿਖਾਰੀ ਗੁਰਦਿਆਲ ਰੌਸ਼ਨ, ਅੰਤਰਰਾਸ਼ਟਰੀ ਪੱਤਰਕਾਰ ਹੁਸਨ ਲੜੋਆ ਬੰਗਾ ਅਤੇ ਔੜ ਤੋਂ ਸੀਨੀਅਰ ਪੱਤਰਕਾਰ ਛਿੰਜੀ ਲੜੋਆ ਦੇ ਪਰਿਵਾਰ ਦੀ ਧੀ ਹੈ ਅਤੇ ਇਸ ਪਰਿਵਾਰ ਵੱਲੋਂ ਲੰਮੇ ਸਮੇਂ ਤੋਂ ਸਮਾਜਿਕ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮੌਕੇ ਕੈਸ਼ੀਅਰ ਹਰਸਿਮਰਨ ਕੌਰ, ਸਾਬਕਾ ਸਰਪੰਚ ਜੀਵਨ ਕੁਮਾਰ ਬਿੱਟੂ ਅਤੇ ਸੁਖਵਿੰਦਰ ਕੁਮਾਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।