ਬਲਾਚੌਰ ਹਲਕੇ ਵਿੱਚ ਭਾਜਪਾ ’ਚ ਟਿਕਟ ਦੀ ਜੰਗ ਤੇਜ਼ ਬਲਾਚੌਰ ਹਲਕੇ ਵਿੱਚ ਭਾਜਪਾ ਚ ਟਿਕਟ ਦੀ ਜੰਗ ਤੇਜ਼
Publish Date: Sun, 01 Nov 2026 06:12 PM (IST)
Updated Date: Sun, 01 Nov 2026 06:14 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਬਲਾਚੌਰ ਦੀ ਸਿਆਸਤ ਵਿਚ ਪਿਛਲੇ ਕੁਝ ਸਮੇਂ ਤੋਂ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਆਗੂ ਅਤੇ ਵਿਧਾਨ ਸਭਾ ਦੀ ਟਿਕਟ ਦੇ ਚਾਹਵਾਨ ਲਗਾਤਾਰ ਭਾਜਪਾ ਦਾ ਪੱਲਾ ਫੜ ਰਹੇ ਹਨ। ਕਦੇ ਬਲਾਚੌਰ ਵਿਚ ਭਾਜਪਾ ਨੂੰ ਵੋਟਰ ਅਤੇ ਸਮਰਥਕ ਲੱਭਣੇ ਪੈਂਦੇ ਸਨ, ਪਰ ਅੱਜ ਪਾਰਟੀ ਵਿੱਚ ਟਿਕਟ ਦੇ ਚਾਹਵਾਨਾਂ ਦੀ ਭੀੜ ਵਧਦੀ ਨਜ਼ਰ ਆ ਰਹੀ ਹੈ। ਵਰਿੰਦਰ ਕੌਰ ਥਾਂਦੀ ਭਾਜਪਾ ਦੇ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਪੁਰਾਣੇ ਅਤੇ ਚਰਚਿਤ ਚਿਹਰੇ ਹਨ। ਰਾਜਵਿੰਦਰ ਸਿੰਘ ਲੱਕੀ ਵੱਖ-ਵੱਖ ਪਾਰਟੀਆਂ ਵਿਚ ਸਿਆਸੀ ਸਫ਼ਰ ਤੈਅ ਕਰਨ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਏ ਅਤੇ ਮੌਜੂਦਾ ਸਮੇਂ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ 2012 ਵਿਚ ਕਾਂਗਰਸ ਦੀ ਟਿਕਟ ਤੇ ਬਲਾਚੌਰ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਉਨ੍ਹਾਂ ਨੂੰ ਵੀ ਟਿਕਟ ਦੇ ਦਾਅਵੇਦਾਰਾਂ ਦੀ ਪਹਿਲੀ ਕਤਾਰ ਵਿਚ ਮੰਨਿਆ ਜਾ ਰਿਹਾ ਹੈ। ਕਾਂਗਰਸੀ ਪਰਿਵਾਰ ਨਾਲ ਸਬੰਧਿਤ ਮਰਹੂਮ ਆਗੂ ਸੁਰਜੀਤ ਭਾਟੀਆ ਦੇ ਪੁੱਤਰ ਸੰਦੀਪ ਸੋਨੂੰ ਭਾਟੀਆ ਵੀ ਟਿਕਟ ਲਈ ਕਾਫ਼ੀ ਸਰਗਰਮ ਦੱਸੇ ਜਾਂਦੇ ਹਨ। ਸੁਰਜੀਤ ਭਾਟੀਆ 2002 ਵਿਚ ਮਰਹੂਮ ਚੌਧਰੀ ਨੰਦ ਲਾਲ ਦੇ ਖ਼ਿਲਾਫ਼ ਬਲਾਚੌਰ ਵਿਧਾਨ ਸਭਾ ਚੋਣ ਲੜ ਚੁੱਕੇ ਸਨ। ਸੰਦੀਪ ਸੋਨੂੰ ਭਾਟੀਆ ਭਾਜਪਾ ਦੇ ਓਬੀਸੀ ਮੋਰਚਾ ਦੇ ਮੀਤ ਪ੍ਰਧਾਨ ਵੀ ਹਨ। ਇਸ ਤੋਂ ਇਲਾਵਾ ਵਿਜੈ ਕੁਮਾਰ ਭਾਟੀਆ, ਜੋ ਭਾਜਪਾ ਦੀ ਟਿਕਟ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਚੁੱਕੇ ਹਨ, ਅਜੇ ਕਟਾਰੀਆ ਖੁਰਦਾਂ ਅਤੇ ਯੂਥ ਆਗੂ ਅਸ਼ੋਕ ਬਾਂਠ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਰਹੇ ਸਨ, ਵੀ ਇਸ ਦੌੜ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਇਸ ਸੂਚੀ ਵਿਚ ਅਸ਼ੋਕ ਨਾਨੋਵਾਲ ਦਾ ਨਾਂ ਵੀ ਚਰਚਾ ਵਿਚ ਹੈ। ਉਹ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੋਜੇਵਾਲ ਤੋਂ ਮੌਜੂਦਾ ਵਿਧਾਇਕ ਸੰਤੋਸ਼ ਕਟਾਰੀਆ ਦੇ ਪੁੱਤਰ ਤੋਂ ਥੋੜ੍ਹੇ ਫ਼ਰਕ ਨਾਲ ਚੋਣ ਹਾਰੇ ਸਨ। ਅਕਾਲੀ ਦਲ ਵੱਲੋਂ ਹਨੀ ਟੌਸਾਂ ਨੂੰ ਹਲਕਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਅਸ਼ੋਕ ਨਾਨੋਵਾਲ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਦਿੱਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਗਿਣਿਆ ਜਾ ਰਿਹਾ ਹੈ। ਬਲਾਚੌਰ ਹਲਕੇ ਵਿਚ ਉਦੋਂ ਇੱਕ ਹੋਰ ਸਿਆਸੀ ਚਰਚਾ ਛਿੜ ਗਈ। ਜਦੋਂ ਖੇਡ ਜਗਤ ਨਾਲ ਜੁੜੇ ਨੌਜਵਾਨ ਰਵਿੰਦਰ ਸਿੰਘ ਬਾਗੋਵਾਲ ਨੇ ਵੱਡਾ ਇਕੱਠ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਭਾਜਪਾ ਦਾ ਪੱਲਾ ਫੜ ਲਿਆ। ਉਨ੍ਹਾਂ ਦੀ ਸ਼ਮੂਲੀਅਤ ਨੇ ਹਲਕੇ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ। ਇਸ ਇਕੱਠ ਨੇ ਸਿਆਸੀ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਭਾਜਪਾ ਦੀ ਸਥਾਨਕ ਸਰਗਰਮੀ ਨੂੰ ਵੀ ਚਰਚਾ ਵਿਚ ਲਿਆ ਦਿੱਤਾ। - ਆਖ਼ਰ ਭਾਜਪਾ ਹੀ ਕਿਉਂ ਬਣ ਰਹੀ ਹੈ ਟਿਕਟ ਦੇ ਚਾਹਵਾਨਾਂ ਦੀ ਪਹਿਲੀ ਪਸੰਦ ਇੱਥੇ ਇੱਕ ਸਵਾਲ ਬੜਾ ਦਿਲਚਸਪ ਹੈ ਕਿ ਆਖ਼ਰ ਅਜਿਹਾ ਕੀ ਹੈ ਕਿ ਵੱਖ-ਵੱਖ ਪਾਰਟੀਆਂ ਤੋਂ ਟਿਕਟ ਦੀ ਆਸ ਲਾਈ ਬੈਠੇ ਆਗੂਆਂ ਨੂੰ ਇਸ ਵਾਰ ਭਾਜਪਾ ਹੀ ਸਭ ਤੋਂ ਵੱਧ ਰਾਸ ਆ ਰਹੀ ਹੈ। ਕੀ ਇਹ ਭਾਜਪਾ ਦੀ ਸਿਆਸੀ ਚੜ੍ਹਤ ਦਾ ਅੰਦਾਜ਼ਾ ਹੈ, ਪਾਰਟੀ ਦੇ ਭਵਿੱਖ ਦੀਆਂ ਸੰਭਾਵਨਾਵਾਂ ਹਨ ਜਾਂ ਫਿਰ ਟਿਕਟ ਦੀ ਉਮੀਦ ਨੇ ਹੀ ਸਾਰਿਆਂ ਨੂੰ ਇੱਕੋ ਪਾਸੇ ਮੋੜ ਦਿੱਤਾ ਹੈ। ਇਹ ਸਵਾਲ ਆਪਣੇ ਆਪ ਵਿਚ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਹੋਰ ਦਿਲਚਸਪ ਸਿਆਸੀ ਸਮੀਕਰਨ ਇਹ ਹੈ ਕਿ ਜੇਕਰ ਭਵਿੱਖ ਵਿਚ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗੱਠਜੋੜ ਹੁੰਦਾ ਹੈ ਤਾਂ ਬਲਾਚੌਰ ਦੀ ਟਿਕਟ ਅਕਾਲੀ ਦਲ ਦੇ ਖਾਤੇ ਵਿਚ ਜਾਂਦੀ ਹੈ ਜਾਂ ਭਾਜਪਾ ਦੇ, ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਜੇਕਰ ਸੀਟ ਭਾਜਪਾ ਦੇ ਹਿੱਸੇ ਆਉਂਦੀ ਹੈ ਤਾਂ ਰਾਜਵਿੰਦਰ ਸਿੰਘ ਲੱਕੀ, ਸੰਦੀਪ ਸੋਨੂੰ ਭਾਟੀਆ ਜਾਂ ਅਸ਼ੋਕ ਨਾਨੋਵਾਲ ਵਰਗੇ ਚਰਚਿਤ ਚਿਹਰਿਆਂ ਵਿੱਚੋਂ ਕਿਸੇ ਇੱਕ ਨੂੰ ਸਾਂਝਾ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਹੋ ਸਕਦਾ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਹੈ ਕਿ ਸਾਬਕਾ ਵਿਧਾਇਕ ਮਰਹੂਮ ਚੌਧਰੀ ਨੰਦ ਲਾਲ ਦਾ ਪਰਿਵਾਰ ਵੀ ਭਵਿੱਖ ਦੇ ਕਿਸੇ ਸਿਆਸੀ ਸਮੀਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਪਰਿਵਾਰ ਦੀ ਸਿਆਸੀ ਸਰਗਰਮੀ ਜਾਂ ਚੁੱਪ ਰਹਿਣਾ ਅਕਾਲੀ ਦਲ ਦੇ ਸਥਾਨਕ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਇਸ ਸਬੰਧੀ ਪਰਿਵਾਰ ਵੱਲੋਂ ਅਜੇ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਪਰ ਬਾਕੀ ਆਗੂਆਂ ਲਈ ਵੀ ਇੱਕ ਸਵਾਲ ਹੈ ਕਿ ਜੇਕਰ ਸੱਚਮੁੱਚ ਭਾਜਪਾ ਨੂੰ ਮਜ਼ਬੂਤ ਕਰਨਾ ਹੈ ਤਾਂ ਟਿਕਟ ਦੀ ਲਾਲਸਾ ਤੋਂ ਉੱਪਰ ਉੱਠ ਕੇ ਸਮਰਪਿਤ ਭਾਵਨਾ ਨਾਲ ਕੰਮ ਕਰਨਾ ਪਵੇਗਾ। ਅਮਿਤ ਸ਼ਾਹ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਨੀਤੀ ਨੂੰ ਅਮਲ ਵਿਚ ਲਿਆਉਣਾ ਪਵੇਗਾ। ਕਿਉਂਕਿ ਟਿਕਟ ਤਾਂ ਇੱਕ ਨੂੰ ਹੀ ਮਿਲਣੀ ਹੈ, ਪਰ ਨਾਰਾਜ਼ਗੀ ਕਈਆਂ ਵਿੱਚ ਪੈਦਾ ਹੋ ਸਕਦੀ ਹੈ। ਜੇਕਰ ਸਾਰੇ ਆਗੂ ਏਕਤਾ ਨਾਲ ਕੰਮ ਕਰਦੇ ਹਨ। ਤਾਂ ਭਾਜਪਾ ਇਸ ਵਾਰ ਬਲਾਚੌਰ ਵਿੱਚ ਕਮਲ ਖਿੜਾਉਣ ਦੀ ਕੋਸ਼ਿਸ਼ ਨੂੰ ਮਜ਼ਬੂਤ ਕਰ ਸਕਦੀ ਹੈ। ਕਦੇ ਬਲਾਚੌਰ ਅਕਾਲੀ ਦਲ ਬਾਦਲ ਦੀ ਖ਼ਾਸ ਸੀਟ ਮੰਨੀ ਜਾਂਦੀ ਸੀ, ਪਰ ਅੱਜ ਭਾਜਪਾ ਵੀ ਹਲਕੇ ਦੀ ਇੱਕ ਚਰਚਿਤ ਸਿਆਸੀ ਤਾਕਤ ਵਜੋਂ ਉੱਭਰ ਰਹੀ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖੇਮਿਆਂ ਵਿਚ ਵੀ ਇਸ ਬਦਲਦੇ ਸਿਆਸੀ ਮਾਹੌਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਪਾਰਟੀਆਂ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਕਾਫ਼ਲੇ ਭਾਵੇਂ ਕਿੰਨੇ ਵੀ ਵੱਡੇ ਹੋਣ, ਵੋਟਰਾਂ ਦੇ ਮਨਾਂ ਦਾ ਦਰਵਾਜ਼ਾ ਖੁੱਲ੍ਹਣਾ ਅਜੇ ਬਾਕੀ ਹੈ। ਲੀਡਰਾਂ ਦੀ ਪੰਡ ਤਾਂ ਭਾਰੀ ਹੋ ਗਈ ਹੈ, ਹੁਣ ਦੇਖਣਾ ਇਹ ਹੈ ਕਿ ਟਿਕਟਾਂ ਦੀ ਵੰਡ ਵੇਲੇ ਕਿਸ ਦੇ ਮੋਢੇ ਤੇ ਜ਼ਿੰਮੇਵਾਰੀ ਦਾ ਭਾਰ ਪੈਂਦਾ ਹੈ ਅਤੇ ਕਿਸ ਦੇ ਸੁਪਨਿਆਂ ਦਾ ਟਰੱਕ ਖਾਲੀ ਮੁੜਦਾ ਹੈ। ਬਲਾਚੌਰ ਦੀ ਸਿਆਸਤ ਵਿਚ ਅਜੇ ਕਈ ਮੋੜ ਆਉਣੇ ਬਾਕੀ ਹਨ। ਇਸ ਵਾਰ ਮੁਕਾਬਲਾ ਸਿਰਫ਼ ਪਾਰਟੀਆਂ ਵਿਚਕਾਰ ਹੀ ਨਹੀਂ, ਸਗੋਂ ਇੱਕੋ ਪਾਰਟੀ ਦੇ ਅੰਦਰ ਟਿਕਟ ਦੇ ਦਾਅਵੇਦਾਰਾਂ ਵਿਚਕਾਰ ਵੀ ਹੋਵੇਗਾ। ਫਿਲਹਾਲ ਤਾਂ ਬਲਾਚੌਰ ਵਿਚ ਲੀਡਰਾਂ ਦੀ ਮੰਡੀ ਲੱਗੀ ਹੋਈ ਹੈ, ਪਰ ਅਸਲੀ ਖਰੀਦਦਾਰ ਤਾਂ ਵੋਟਰ ਹੈ, ਜਿਸ ਦੀ ਪਸੰਦ ਦਾ ਪਤਾ ਚੋਣਾਂ ਵਾਲੇ ਦਿਨ ਹੀ ਲੱਗੇਗਾ। ਬਲਾਚੌਰ ਵਿਚ ਸਿਆਸੀ ਅਖਾੜਾ ਭਖ ਰਿਹਾ ਹੈ ਅਤੇ ਸੋਸ਼ਲ ਮੀਡੀਆ ਵੀ ਇਸ ਸਿਆਸੀ ਸਰਗਰਮੀ ਦਾ ਵੱਡਾ ਮੰਚ ਬਣਿਆ ਹੋਇਆ ਹੈ। ਦੇਖਣਾ ਇਹ ਹੈ ਕਿ ਇਸ ਵਾਰ ਬਲਾਚੌਰ ਦੀ ਸਿਆਸਤ ਵਿਚ ਕਿਸ ਦਾ ਕਮਲ ਖਿੜਦਾ ਹੈ ਅਤੇ ਕਿਸ ਦੀਆਂ ਸਿਆਸੀ ਉਮੀਦਾਂ ਅਧੂਰੀਆਂ ਰਹਿ ਜਾਂਦੀਆਂ ਹਨ।