ਬਰਿੰਦਰ ਕੁਮਾਰ ਗੋਇਲ ਨੇ ਬੰਗਾ ਹਲਕੇ ਦੇ 55 ਪਿੰਡਾਂ ਲਈ 14 ਕਰੋੜ ਰੁਪਏ ਦਾ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ
- 4890.91 ਏਕੜ ਰਕਬੇ ਨੂੰ ਪਹਿਲੀ ਵਾਰ ਮਿਲਿਆ ਨਹਿਰੀ ਪਾਣੀ - ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ : ਵਿਧਾਇਕ ਸੁੱਖੀ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਦੇ ਖਾਣਾਂ ਅਤੇ ਭੂ-ਵਿਗਿਆਨ, ਭੂਮੀ ਅਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਬੰਗਾ ਦੇ 55 ਪਿੰਡਾਂ ਨੂੰ ਸਿੰਚਾਈ ਦਾ ਪਾਣੀ ਮੁਹੱਈਆ ਕਰਵਾਉਣ ਲਈ 14 ਕਰੋੜ ਰੁਪਏ ਦੀ ਲਾਗਤ ਵਾਲੇ ਵਿਸ਼ੇਸ਼ ਪ੍ਰੋਜੈਕਟ ਦਾ ਉਦਘਾਟਨ ਕੀਤਾ। ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਮੌਜੂਦਗੀ ਵਿਚ ਖੇਤੀ ਖੇਤਰ ਨੂੰ ਵੱਡੀ ਰਾਹਤ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਇਹ ਕਦਮ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਯੁੱਗ-ਪਲਟਾਊ ਪਹਿਲਕਦਮੀ ਹੈ। ਜਲ ਸਰੋਤ ਮੰਤਰੀ ਨੇ ਕਿਹਾ ਕਿ ਬਿਸਤ ਦੁਆਬ ਨਹਿਰ ਅਤੇ ਗ੍ਰਾਊਂਡ ਵਾਟਰ ਡਵੀਜ਼ਨ ਜਲੰਧਰ ਅਧੀਨ ਨਹਿਰੀ ਪ੍ਰਸ਼ਾਸਨ ਅਤੇ ਪੀਡਬਲਿਊਆਰਐਮਡੀਸੀ ਵੱਲੋਂ ਤਿਆਰ ਇਸ ਪ੍ਰੋਜੈਕਟ ਉੱਤੇ ਕੁੱਲ 14.01 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 79.52 ਕਿਲੋਮੀਟਰ ਲੰਬਾਈ ਵਾਲੇ 46 ਪੱਕੇ ਖਾਲੇ ਅਤੇ 14 ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ। ਇਸ ਪ੍ਰੋਜੈਕਟ ਨਾਲ ਹਲਕੇ ਦੇ 55 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਪਹਿਲਾਂ ਇਸ ਖੇਤਰ ਵਿੱਚ 3880 ਏਕੜ ਰਕਬਾ ਨਹਿਰੀ ਸਿੰਚਾਈ ਅਧੀਨ ਸੀ, ਜੋ ਹੁਣ ਵਧ ਕੇ 8770.91 ਏਕੜ ਹੋ ਗਿਆ ਹੈ। ਇਸ ਤਰ੍ਹਾਂ 4890.91 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਵਿਧਾ ਮਿਲੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਕੰਗਰੋੜ ਮਾਇਨਰ ਦੀ ਟੇਲ ਤੇ ਰਿਚਾਰਜਿੰਗ ਸਕੀਮ ਅਤੇ ਬੰਗਾ ਰੈਸਟ ਹਾਊਸ ਵਿਖੇ ਨਵੇਂ ਪੌਂਡ ਨਾਲ 267 ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਭੇਜ ਕੇ ਭੂ-ਜਲ ਸੰਭਾਲ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਦੇ ਕਿਸਾਨਾਂ ਨੂੰ ਨਹਿਰੀ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ। ਬੰਗਾ ਹਲਕੇ ਵਿੱਚ ਹੋਏ ਇਹ ਵਿਕਾਸ ਕਾਰਜ ਇਸ ਦਿਸ਼ਾ ਵਿੱਚ ਇੱਕ ਅਹਿਮ ਅਤੇ ਸ਼ਲਾਘਾਯੋਗ ਕਦਮ ਹਨ। ਇਸ ਤੋਂ ਇਲਾਵਾ ਬੰਗਾ ਵਿਚ 22 ਤੋਂ ਵੱਧ ਪਿੰਡਾਂ ਨੂੰ ਰਜਬਾਹਿਆਂ ਤੋਂ ਅਸਥਾਈ ਨਿਕਾਸ (ਆਊਟਲੈੱਟ) ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਨਹਿਰੀ ਪਾਣੀ ਰਾਹੀਂ ਸਿੰਚਾਈ ਸਮਰੱਥਾ ਵਿੱਚ ਹੋਰ ਵਾਧਾ ਹੋ ਕੇ 6,053.42 ਏਕੜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਨੂੰ ਸਿੰਚਾਈ ਲਈ ਦਰਿਆਈ ਪਾਣੀ ਦੀ ਵਰਤੋਂ ਦੇ ਮਾਮਲੇ ਵਿੱਚ ਸਵੈ-ਨਿਰਭਰ ਬਣਾਉਣ ਲਈ 7,500 ਕਰੋੜ ਰੁਪਏ ਦੀ ਵੱਡੀ ਰਾਸ਼ੀ ਖਰਚ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਕੀਮਤੀ ਧਰਤੀ ਹੇਠਲੇ ਪਾਣੀ, ਬਿਜਲੀ ਅਤੇ ਹੋਰ ਖੇਤੀਬਾੜੀ ਸਰੋਤਾਂ ਨੂੰ ਬਚਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸੂਬੇ ਭਰ ਵਿਚ 1,117 ਮਾਈਨਰਾਂ ਅਤੇ ਰਜਬਾਹਿਆਂ ਵਿੱਚੋਂ 39,000 ਕਿਊਸਿਕ ਤੋਂ ਵੱਧ ਪਾਣੀ ਵਹਿ ਰਿਹਾ ਹੈ, ਜੋ ਕਿ ਇੱਕ ਰਿਕਾਰਡ ਵਾਧਾ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ। ---------------------------------- ਇੰਨ੍ਹਾਂ ਪਿੰਡਾਂ ਨੂੰ ਮਿਲੇਗਾ ਲਾਭ-ਡਾ. ਐੱਸਕੇ ਸੁੱਖੀ ਇਸ ਮੌਕੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਪੰਜਾਬ ਸਰਕਾਰ ਦੀਆਂ ਨਵੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਹਲਕਾ ਬੰਗਾ ਨੂੰ ਇਹ ਅਹਿਮ ਪ੍ਰੋਜੈਕਟ ਦੇਣ ਲਈ ਜਲ ਸਰੋਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਰੋਜ਼ਾਨਾ ਦੇ ਆਧਾਰ ਤੇ ਵੱਡੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਇਲਾਕੇ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।।ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਅੱਜ ਬੰਗਾ ਹਲਕੇ 55 ਪਿੰਡਾਂ ਅਨੋਖਰਵਾਲ, ਬਾਹੜੋਵਾਲ, ਬਜੋਂ, ਬਖਲੌਰ, ਬਲਾਕੀਪੁਰ, ਬੰਗਾ, ਬਹਿਰਾਮ, ਭਰੋਲੀ, ਬੀੜ ਅਲੜਵਾਲ, ਬਿਸਲਾ, ਚਾਹਲ ਕਲਾਂ, ਚੱਕ ਬਿਲਗਾ, ਚੱਕ ਗੁਰੂ, ਚੇਤਾ, ਫਰਾਲਾ, ਗਦਾਣੀ, ਗੜ੍ਹੀ ਅਜੀਤ ਸਿੰਘ, ਗਹਿਲ ਮਜ਼ਾਰੀ, ਗੋਸਲ, ਗੁਣਾਚੌਰ, ਹਪੋਵਾਲ, ਹਿਓਂ, ਜੰਡਿਆਲਾ, ਕਲੇਰਾਂ, ਝੰਡੇਰ ਕਲਾਂ, ਝੰਡੇਰ ਖੁਰਦ, ਕਾਹਮਾ, ਕਜਲਾ, ਕਮਾਮ, ਕੰਗਰੋੜ, ਕਰੀਹਾ, ਖਮਾਚੋਂ, ਖਟਕੜ ਖੁਰਦ, ਕੁਲਥਮ, ਲਾਦੀਆਂ, ਕਟਾਰੀਆ, ਲਖਪੁਰ, ਲੰਗੇਰੀ, ਮਹਿਲ ਗਹਿਲਾਂ, ਮਕਸੂਦਪੁਰ, ਮੱਲਾ ਬੇਦੀਆਂ, ਮਲੂਪੋਤਾ, ਮੰਗੂਵਾਲ, ਮੇਹਿਲੀਆਣਾ, ਮੁਕੰਦਪੁਰ, ਮੂਲਪੁਰ, ਰਟੈਂਡਾ, ਸੱਲ ਕਲਾਂ, ਸੱਲ ਖੁਰਦ, ਸੰਧਵਾਂ, ਸਰਹਾਲਾ ਰਾਣੂਆਂ, ਸੂੰਢ, ਸੂਰਾਪੁਰ ਥੇਹ, ਥਾਂਦੀਆਂ ਦੇ ਕਿਸਾਨਾਂ ਨੂੰ ਲਾਭ ਪਹੁੰਚੇਗਾ। --------------------------- 26ਐਨਐਸਆਰ19ਪੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੰਗਾ ਹਲਕੇ ਦੇ 55 ਪਿੰਡਾਂ ਲਈ 14 ਕਰੋੜ ਰੁਪਏ ਦਾ ਸਿੰਚਾਈ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਨਾਲ ਹਨ ਬੰਗਾ ਵਿਧਾਇਕ ਡਾ. ਐੱਸਕੇ ਸੁੱਖੀ ਅਤੇ ਹੋਰ। ਪੰਜਾਬੀ ਜਾਗਰਣ