ਬੰਗਾ ਨੂੰ ਮਿਲਿਆ ਪਹਿਲਾ ਤਿੰਨ ਕਰੋੜਪਤੀ ਬੰਗਾ ਨੂੰ ਮਿਲਿਆ ਪਹਿਲਾ ਤਿੰਨ ਕਰੋੜਪਤੀ
Publish Date: Sun, 20 Sep 2026 07:26 PM (IST)
Updated Date: Sun, 20 Sep 2026 07:29 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਦੇ ਮੁੱਖ ਮਾਰਗ ’ਤੇ ਸਥਿਤ ਸਹੋਤਾ ਲਾਟਰੀ ਸਟਾਲ ਤੋਂ ਦੇਰ ਸ਼ਾਮ ਸਿੱਕਮ ਸਟੇਟ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਵਾਲੀ ਤਿੰਨ ਕਰੋੜੀ ਇਨਾਮ ਵਾਲੀ ਦੇਰ ਸ਼ਾਮ 5 ਵਜੇ ਖ਼ਰੀਦੀ ਗਈ ਟਿਕਟ ਨੇ ਪ੍ਰਵਾਸੀ ਮਜ਼ਦੂਰ ਨੂੰ 6 ਵਜੇ ਕਰੋੜਪਤੀ ਬਣਾ ਦਿੱਤਾ। ਜੇਤੂ ਦੀ ਪਛਾਣ ਪੱਛਮੀ ਬੰਗਾਲ ਵਾਸੀ ਮਧੂ ਸਿੰਘ ਪੁੱਤਰ ਕਨਕੂ ਸਿੰਘ ਵਜੋਂ ਹੋਈ ਹੈ। ਜਿਉਂ ਹੀ ਉਸ ਨੂੰ ਇਹ ਸੂਚਨਾ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਧੂ ਸਿੰਘ ਪਿੰਡ ਖਟਕੜ ਕਲਾਂ ਵਿਖੇ ਕਿਸਾਨ ਰਣਜੀਤ ਸਿੰਘ ਦੇ ਖੇਤਾਂ ਵਿਚ ਆਪਣੇ ਸਾਥੀਆਂ ਨਾਲ ਲੰਮੇ ਸਮੇਂ ਤੋਂ ਮਜ਼ਦੂਰੀ ਦਾ ਕੰਮ ਕਰਦਾ ਹੈ। ਇਹ ਲਾਟਰੀ ਨਤੀਜਾ ਆਉਣ ਤੋਂ ਪਹਿਲਾਂ ਮਹਿਜ ਇੱਕ ਘੰਟਾ ਪਹਿਲਾਂ ਪਾਈ ਸੀ ਅਤੇ ਨਤੀਜਾ ਆਉਂਦਿਆਂ ਹੀ ਇਹ ਖੁਸ਼ਖਬਰੀ ਸਹੋਤਾ ਲਾਟਰੀ ਕੋਲ ਪੁੱਜ ਗਈ। ਉਨ੍ਹਾਂ ਨੇ ਜਦੋਂ ਆਪਣੇ ਇਸ ਗਾਹਕ ਨੂੰ ਸੂਚਿਤ ਕੀਤਾ ਤਾਂ ਉਹ ਆਪਣੇ ਨਾਲ ਸਾਥੀਆਂ ਸਮੇਤ ਬੰਗਾ ਪੁੱਜਾ। ਇਸ ਮੌਕੇ ਲਾਟਰੀ ਵਿਕਰੇਤਾ ਵੱਲੋਂ ਖੁਸ਼ੀ ਵਿਚ ਕੇਕ ਕੱਟਿਆ ਅਤੇ ਜੇਤੂ ਦੇ ਗਲੇ ਵਿਚ ਹਾਰ ਪਾ ਕੇ ਉਸ ਨੂੰ ਵਧਾਈਆਂ ਦਿੱਤੀਆਂ ਅਤੇ ਢੋਲ ਦੀ ਤਾਲ ਤੇ ਭੰਗੜੇ ਪਾ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਮਧੂ ਸਿੰਘ ਨੇ ਦੱਸਿਆ ਉਹ ਖਟਕੜ ਕਲਾਂ ਵਿਖੇ ਮਜ਼ਦੂਰੀ ਕਰਦਾ ਹੈ ਅਤੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਸ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਬੇਟੀ ਵਿਆਹੀ ਹੋਈ ਤੇ ਬੇਟਾ ਮੋਟਰਸਾਈਕਲਾਂ ਦੀ ਰਿਪੇਅਰ ਦਾ ਕੰਮ ਕਰਦਾ ਹੈ। ਉਸ ਦੇ ਨਾਲ ਆਏ ਸਾਕ ਸਬੰਧੀਆਂ ਨੇ ਦੱਸਿਆ ਕਿ ਮਧੂ ਬਹੁਤ ਹੀ ਠੰਢੇ ਸੁਭਾਅ ਦਾ ਮਾਲਕ ਹੈ ਅਤੇ ਸਦਾ ਮਿਹਨਤ ਵਿਚ ਵਿਸ਼ਵਾਸ ਰੱਖਦਾ ਹੈ। ਸਹੋਤਾ ਲਾਟਰੀ ਸਟਾਲ ਦੇ ਮਾਲਕ ਸਾਗਰ ਅਨੁਸਾਰ ਉਹ ਅਗਲੀ ਪ੍ਰੀਕਿਰਿਆ ਲਈ ਲੁਧਿਆਣਾ ਜਾ ਰਹੇ ਹਨ, ਜਿੱਥੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਬਣਦੀ ਰਕਮ ਅਦਾ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਇਤਿਹਾਸ ਵਿਚ ਬੰਗਾ ਹਲਕੇ ਅੰਦਰ ਇੰਨਾ ਵੱਡਾ ਇਨਾਮ ਪਹਿਲੀ ਵਾਰ ਨਿਕਲਿਆ ਹੈ।