ਨਵਾਂਸ਼ਹਿਰ ’ਚ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਓਵਰਲੋਡ ਹੈਵੀ ਵਾਹਨਾਂ ਦੇ ਲੰਘਣ ’ਤੇ ਪਾਬੰਦੀ ਨਵਾਂਸ਼ਹਿਰ ਵਿਚੋਂ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਓਵਰਲੋਡ ਹੈਵੀ ਵਾਹਨਾਂ ਦੇ ਲੰਘਣ 'ਤੇ ਪਾਬੰਦੀ
Publish Date: Sun, 04 Oct 2026 05:09 PM (IST)
Updated Date: Sun, 04 Oct 2026 05:11 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਵਾਂਸ਼ਹਿਰ ਵਿਚੋਂ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਓਵਰਲੋਡ ਹੈਵੀ ਵਾਹਨਾਂ (ਬੱਜਰੀ, ਸੀਮਿੰਟ, ਰੇਤ, ਮਿੱਟੀ, ਸਰੀਆ, ਓਵਰਲੋਡਡ ਤੂੜੀ/ਫੱਕ ਵਾਲੀਆਂ ਟਰਾਲੀਆਂ/ਟਰੱਕ, ਕਮਰਸ਼ੀਅਲ ਤੌਰ ’ਤੇ ਜਾਣਾ ਸਮਾਨ ਆਦਿ) ਨੂੰ ਲੰਘਣ/ਦਾਖਲ ਹੋਣ ਤੋਂ ਪਾਬੰਦੀ ਲਗਾ ਦਿੱਤੀ ਹੈ। ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿਚੋਂ ਓਵਰਲੋਡਡ ਵਾਹਨਾਂ ਦੇ ਲੰਘਣ ਨਾਲ ਸਕੂਲ ਜਾ ਰਹੇ ਬੱਚਿਆਂ ਅਤੇ ਦਫ਼ਤਰ ਜਾ ਰਹੇ ਮੁਲਾਜ਼ਮ ਤੇ ਹੋਰ ਲੋਕਾਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ ਅਤੇ ਹਾਦਸਾ ਹੋਣ ਦਾ ਖਦਸਾ ਰਹਿੰਦਾ ਹੈ। ਇਸ ਲਈ ਸੰਭਾਵੀ ਹਾਦਸਿਆਂ ਨੂੰ ਰੋਕਣ ਅਤੇ ਨਿਰਵਿਘਨ ਟ੍ਰੈਫਿਕ ਸੁਚਾਰੂ ਬਣਾਉਣ ਲਈ ਹੁਕਮ ਲਾਗੂ ਕੀਤਾ ਹੈ। ਇਹ ਹੁਕਮ 29 ਨਵੰਬਰ 2026 ਤੱਕ ਲਾਗੂ ਰਹਿਣਗੇ। - ਜ਼ਿਲ੍ਹੇ ’ਚ ਟਰੈਕਟਰਾਂ ਤੇ ਸਬੰਧਿਤ ਸੰਦਾਂ ਨਾਲ ਖ਼ਤਰਨਾਕ ਪ੍ਰਦਰਸ਼ਨ ’ਤੇ ਪਾਬੰਦੀ ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹੇ ਵਿਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਟਰੈਕਟਰਾਂ ਅਤੇ ਸਬੰਧਿਤ ਸੰਦਾਂ ਨਾਲ ਖ਼ਤਰਨਾਕ ਪ੍ਰਦਰਸ਼ਨ/ ਸਟੰਟ ਕਰਨ ’ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਪ ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-5 ਸ਼ਾਖਾ) ਦੇ ਪੱਤਰ ਨੰਬਰ ਗ੍ਰਹਿ-5/ਸਪੈਸ਼ਲ/2023/1 ਚੰਡੀਗੜ੍ਹ ਮਿਤੀ 30.10.2023 ਰਾਹੀਂ ਲਿਖਿਆ ਹੈ ਕਿ ਰਾਜ ਵਿਚ ਬੀਤੇ ਦਿਨੀ ਕੁਝ ਘਟਨਾਵਾਂ ਵਾਪਰੀਆਂ ਹਨ। ਜਿਨ੍ਹਾਂ ਵਿਚ ਟਰੈਕਟਰ ਅਤੇ ਸਬੰਧਿਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇਕ ਨੌਜਵਾਨ ਦੀ ਮੌਤ ਵੀ ਹੋਈ ਹੈ। ਇਸ ਲਈ ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖ਼ਤਰਨਾਕ ਪ੍ਰਦਰਸ਼ਨ/ਸਟੰਟ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 29 ਨਵੰਬਰ 2026 ਤੱਕ ਲਾਗੂ ਰਹੇਗਾ।