- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹੇ ਵਿਚ ਸਾਰੇ ਕੰਬਾਇਨ ਮਾਲਕ, ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਕਰਨ ਸਮੇਂ ਕੰਬਾਇਨਾਂ ਦੇ ਸੁਪਰ ਐੱਸਐੱਮਐੱਸ ਵਿਚ ਉਪਲਬਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣਗੇ ਅਤੇ ਬਿਨਾਂ ਸੁਪਰ ਐੱਸਐੱਮਐੱਸ ਲੱਗੀਆਂ ਕੰਬਾਈਨਾਂ ਚਲਾਉਣ ’ਤੇ ਪੂਰਨ ਰੋਕ ਰਹੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਹਦੂਦ ਅੰਦਰ ਕੰਬਾਈਨ ਮਾਲਕਾਂ ਵੱਲੋਂ ਝੋਨੇ ਦੀ ਕਟਾਈ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਆਮ ਤੌਰ ’ਤੇ ਝੋਨੇ ਦੀ ਕਟਾਈ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ ’ਤੇ ਕੰਬਾਈਨ ਮਾਲਕ ਜ਼ਿਮੀਦਾਰਾਂ ਨੂੰ ਝੋਨੇ ਦੀ ਕਟਾਈ ਦੇ ਸਹੀ ਸਮੇਂ ਬਾਰੇ ਜਾਣਕਾਰੀ ਨਹੀਂ ਦਿੰਦੇ। ਜਿਸ ਕਾਰਨ ਜ਼ਿਮੀਦਾਰਾਂ ਵੱਲੋਂ ਜਦੋਂ ਵੀ ਕੰਬਾਈਨ ਉਪਲਬਧ ਹੁੰਦੀ ਹੈ। ਉਸ ਸਮੇਂ ਝੋਨੇ ਦੀ ਕਟਾਈ ਕਰ ਲਈ ਜਾਂਦੀ ਹੈ। ਭਾਵੇਂ ਉਸ ਵੇਲੇ ਰਾਤ ਹੋਵੇ। ਇਸ ਤਰ੍ਹਾਂ ਜ਼ਿਮੀਦਾਰਾਂ ਵੱਲੋਂ ਅਣ-ਪੱਕਿਆ ਅਤੇ ਨਮੀ ਵਾਲੇ ਝੋਨੇ ਦੀ ਕਟਾਈ ਕਰਵਾ ਲਈ ਜਾਂਦੀ ਹੈ। ਅਜਿਹੇ ਝੋਨੇ ਨੂੰ ਖਰੀਦਣ ਲਈ ਖਰੀਦ ਏਜੰਸੀਆਂ ਗੁਰੇਜ਼ ਕਰਦੀਆਂ ਹਨ। ਜਿਸ ਨਾਲ ਜ਼ਿਮੀਦਾਰਾਂ ਨੂੰ ਔਕੜ ਪੇਸ਼ ਆਉਂਦੀ ਹੈ। ਇਸ ਲਈ ਇਹ ਹੁਕਮ ਜਾਰੀ ਕਰਨੇ ਲੋੜੀਂਦੇ ਸਨ।ਇਹ ਹੁਕਮ 15 ਨਵੰਬਰ 2026 ਤੱਕ ਲਾਗੂ ਰਹੇਗਾ।