ਅਣਦੇਖੀ ਕਾਰਨ ਸ਼ੋਅ ਪੀਸ ਬਣ ਕੇ ਰਹਿ ਗਿਆ ਬੱਸ ਅੱਡਾ ਬਲਾਚੌਰ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਸ਼ੋਅ ਪੀਸ ਬਣ ਕੇ ਰਹਿ ਗਿਆ ਬੱਸ ਅੱਡਾ ਬਲਾਚੌਰ
Publish Date: Thu, 23 Jul 2026 07:05 PM (IST)
Updated Date: Fri, 24 Jul 2026 04:11 AM (IST)
ਬੱਸ ਅੱਡੇ ਚ ਬੱਸਾਂ ਨਾ ਆਉਣ ਕਾਰਨ ਲੋਕ ਡਾਢੇ ਪ੍ਰੇਸ਼ਾਨ : ਵਰਿਆਮ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਬਲਾਚੌਰ ਇਲਾਕੇ ਅੰਦਰ ਜਿਹੜੇ ਸਿਆਸੀ ਲੋਕ ਪਿੰਡਾ ਅਤੇ ਸ਼ਹਿਰਾ ਦੀਆਂ ਸੱਥਾ ਵਿਚ ਬਲਾਚੌਰ ਨੂੰ ਰੇਲਵੇ ਨਾਲ ਜੋੜਨ ਦੇ ਬਿਆਨ ਦੇ ਰਹੇ ਹਨ। ਉਨਾਂ ਦੇ ਬਿਆਨਾ ਨੂੰ ਦਾਗਦਾਰ ਕਰ ਰਿਹਾ ਹੈ ਸਥਾਨਕ ਸ਼ਹਿਰ ਬਲਾਚੌਰ ਦਾ ਖੰਡਰ ਇਮਾਰਤ ਵਿਚ ਬਦਲਿਆ ਬੱਸ ਅੱਡਾ ਬਲਾਚੌਰ।।ਹੁਣ ਤੱਕ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ ਮਗਰ ਇਨਾਂ ਦੀ ਨੁਮਾਇੰਦਗੀ ਕਰਨ ਵਾਲੇ ਸਿਆਸੀ ਨੇਤਾ ਲੋਕ ਬੱਸ ਅੱਡਾ ਬਲਾਚੌਰ ਦੀ ਕਾਇਆ ਕਲਪ ਕਰਨ ਵਿੱਚ ਫੇਲ੍ਹ ਹੀ ਸਾਬਤ ਹੋਏ ਹਨ। ਜਿਸ ਦਾ ਖਮਿਆਜਾ ਆਮ ਲੋਕਾਂ ਖਾਸ ਕਰਕੇ ਵਿਦਿਆਰਥੀਆਂ, ਗਰੀਬ ਅਤੇ ਅਪਾਹਿਜ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਕਿਸਾਨ ਮੋਰਚਾ ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਰਿਆਮ ਵਾਸੀ ਕੰਗਣਾ ਬੇਟ ਨੇ ਕਿਹਾ ਕਿ ਸਰਕਾਰ ਭਾਵੇਂ ਸ੍ਰੋਮਣੀ ਅਕਾਲੀ ਦਲ ਦੀ ਰਹੀ, ਕਾਂਗਰਸ ਦੀ ਅਤੇ ਹੁਣ ਆਪ ਦੀ। ਜਿਨਾ ਦੇ ਹਰ ਰਾਜਨੀਤਿਕ ਲੋਕਾਂ ਨੇ ਲੋਕਾਂ ਨੂੰ ਚੰਗੀਆਂ ਬੱਸ ਸਹੂਲਤਾਂ ਦਵਾਏ ਜਾਣ ਦੇ ਵਾਅਦੇ ਕੀਤੇ। ਜਿਹੜੇ ਕਿ ਸਥਾਨਕ ਬੱਸ ਅੱਡੇ ਦੀ ਮੌਜੂਦਾ ਹਾਲਤ ਵੇਖਦਿਆਂ ਹਵਾ ਹਵਾਈ ਹੀ ਰਹੇ ਹਨ ਅਤੇ ਹੁਣ ਇਨਾਂ ਸਿਆਸੀ ਲੋਕਾਂ ਵੱਲੋਂ ਸੱਤਾ ਦਾ ਲਾਹਾ ਲੈਣ ਲਈ ਮੁੜ ਲੋਕਾਂ ਨੂੰ ਰੇਲਵੇ ਨਾਲ ਜੋੜਨ ਦੇ ਵਾਅਦੇ ਕੀਤੇ ਜਾ ਰਹੇ ਹਨ। ਜਦਕਿ ਇਹੋ ਲੋਕ ਆਮ ਲੋਕਾਂ ਨੂੰ ਇੱਕ ਬੱਸ ਅੱਡੇ ਦੀ ਸਹੂਲਤ ਤੱਕ ਨਹੀਂ ਦਵਾ ਸਕੇ। ਜਸਵੰਤ ਸਿੰਘ ਵਰਿਆਮ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਦੇ ਕੇਂਦਰ ਬਿੰਦੂ ਬਲਾਚੌਰ ਸ਼ਹਿਰ ਦੀ ਬੁੱਕਲ ਵਿੱਚ ਜਿੱਥੇ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ, ਜੂਡੀਸੀਅਲ ਕੋਰਟ, ਦਫਤਰ ਬੀਡੀਪੀਓ, ਡੀਐਸਪੀ ਸਮੇਤ -ਦੋ ਥਾਣੇ ਸਮੇਤ ਹੋਰ ਵੀ ਵੱਖ ਵੱਖ ਵਿਭਾਗਾ ਦੇ ਦਫਤਰ ਮੌਜੂਦ ਹਨ। ਜਿੱਥੇ ਕਿ ਲੋਕਾਂ ਦਾ ਹਰ ਵਕਤ ਦੂਰ ਦੁਰਾਡੇ ਦੇ ਪਿੰਡਾ ਤੋਂ ਆਉਣਾ ਜਾਣਾ ਬਣਿਆ ਰਹਿੰਦਾ ਹੈ, ਮਗਰ ਅਜਿਹੇ ਵਿਚ ਬੱਸ ਅੱਡੇ ਵਿਚ ਬੱਸਾਂ ਦਾ ਆਉਣਾ ਜਾਣਾ ਬੰਦ ਹੋਣ ਕਰਕੇ ਆਮ ਲੋਕਾਂ ਅਤੇ ਮੁਲਾਜ਼ਮਾਂ ਲਈ ਸਿਰਦਰਦੀ ਬਣ ਚੁੱਕਾ ਹੈ। ਬਲਾਚੌਰ ਦੇ ਰੋਪੜ ਰੋਡ ਸਥਿਤ ਬੱਸ ਅੱਡਾ ਅੱਜ ਆਪਣੀ ਹੋਣੀ ਤੇ ਹੰਝੂ ਵਹਾ ਰਿਹਾ ਹੈ, ਉਥੇ ਹੀ ਸਿਰਫ ਨਾਮ ਦਾ ਬੱਸ ਅੱਡਾ ਸਵਾਰੀਆ ਦੇ ਕੰਮ ਨਾ ਆਉਣ ਕਾਰਨ ਪੁਰਾਤਨ ਸ਼ੋਅ ਪੀਸ ਬਣਕੇ ਰਹਿ ਗਿਆ ਹੈ। ਇਸ ਬੱਸ ਸਟੈਂਡ ਦੀ ਇਕਲੋਤੀ ਸ਼ੈਂਡ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਦੀ ਡਿਗੂ ਡਿਗੂ ਕਰਦੀ ਛੱਤ, ਪਖਾਨਿਆ ਦੀ ਦੁਰਦਸ਼ਾ ਦੇ ਨਾਲ ਨਾਲ ਇਹ ਥਾਂ ਪ੍ਰਾਈਵੇਟ ਬੱਸਾ ਦੀ ਪਾਰਕਿੰਗ ਦੇ ਨਾਲ ਨਾਲ ਆਟੋ ਰਿਕਸ਼ਿਆਂ ਦੀ ਰਿਪੇਅਰ ਦਾ ਗੈਰਾਜ ਬਣ ਚੁੱਕਾ ਹੈ। ਮਗਰ ਸਵਾਰੀਆਂ ਦੀ ਸਮੱਸਿਆ ਦਾ ਕੋਈ ਹੱਲ ਹੁੰਦਾ ਵਿਖਾਈ ਨਹੀਂ ਦੇ ਰਿਹਾ। ਲੋਕ ਗਰਮੀ, ਸਰਦੀ ਤੇ ਬਰਸਾਤ ਦੇ ਮੌਸਮ ਵਿਚ ਅੱਜ ਵੀ ਖੱਜਲ ਖੁਆਰ ਬਾਈਪਾਸ ਤੱਕ ਆਉਣ ਜਾਣ ਦਾ ਆਟੋ ਕਿਰਾਇਆ 40 ਰੁਪਏ ਜੇਬ ਵਿੱਚੋਂ ਖਰਚ ਕਰਨ ਲਈ ਮਜਬੂਰ ਹਨ। ਜਿਸ ਕਾਰਨ ਲੋਕਾਂ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਬੱਸਾਂ ਨੂੰ ਬੱਸ ਅੱਡੇ ਅੰਦਰ ਆਉਣਾ ਯਕੀਨੀ ਬਣਾਇਆ ਜਾਵੇ। ਤਾਂ ਜੋ ਨਗਰ ਕੌਂਸਲ ਵੱਲੋਂ ਅੱਡਾ ਫੀਸ ਦੇ ਨਾਂਅ ਤੇ ਕੱਟੀਆਂ ਜਾ ਰਹੀਆਂ ਪਰਚੀਆਂ ਦਾ ਸਹੀ ਉਪਯੋਗ ਹੋ ਸਕੇ। ਉਨ੍ਹਾਂ ਦੱਸਿਆ ਕਿ ਬੱਸਾਂ ਨੂੰ ਅੱਡੇ ਤੋਂ ਹੋ ਕੇ ਜਾਣ ਦੀ ਥਾਂ ਹੁਣ ਨਗਰ ਕੌਂਸਲ ਵੱਲੋਂ ਇਕ ਮੁਲਾਜ਼ਮ ਬਾਈਪਾਸ ’ਤੇ ਹੀ ਤਾਇਨਾਤ ਕਰ ਕੇ ਆਪਣੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਸਰਕਾਰੀ ਬੱਸ ਸਹੂਲਤਾਂ ਦਿਵਾਉਣ ਲਈ ਸਾਰੀਆਂ ਬੱਸਾਂ ਨੂੰ ਬੱਸ ਅੱਡਾ ਬਲਾਚੌਰ ਤੋਂ ਲੰਘਣ ਦੀ ਹਦਾਇਤਾਂ ਕੀਤੀਆਂ ਜਾਣ। ਤਾਂ ਜੋ ਸਥਾਨਕ ਬੱਸ ਅੱਡੇ ਦੀ ਕਾਇਆ ਕਲਪ ਹੋ ਸਕੇ।