ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੈਡਮਿੰਟਨ ਖਿਡਾਰਨਾਂ ਨੇ ਚਮਕਾਇਆ ਜ਼ਿਲ੍ਹੇ ਦਾ ਨਾਂਅ ਬੈਡਮਿੰਟਨ ਖਿਡਾਰਨਾਂ ਨੇ ਚਮਕਾਇਆ ਜ਼ਿਲ੍ਹੇ ਦਾ ਨਾਂਅ
Publish Date: Tue, 24 Nov 2026 05:50 PM (IST)
Updated Date: Tue, 24 Nov 2026 05:52 PM (IST)
ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਕੋਚ ਪ੍ਰਿੰ. ਰਾਜਿੰਦਰ ਸਿੰਘ ਗਿੱਲ ਨੂੰ ਕੀਤਾ ਸਮਰਪਿਤ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਖੇਡਾਂ ਦੇ ਖੇਤਰ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਂਅ ਚਮਕਾਉਣ ਵਾਲੀ ਬੈਡਮਿੰਟਨ ਖਿਡਾਰਨਾਂ ਨੇ ਬਰਨਾਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਆਪਣਾ, ਮਾਪਿਆਂ, ਕੋਚਾਂ ਦਾ ਵੀ ਨਾਂਅ ਰੌਸ਼ਨ ਕੀਤਾ। ਇਸ ਜਿੱਤ ਦੀ ਖੁਸ਼ੀ ਨਾਲ ਦੋਆਬਾ ਆਰੀਆ ਸਸ ਸਕੂਲ ਅਤੇ ਪ੍ਰਿੰਸੀਪਲ ਦਫ਼ਤਰ ਪਹੁੰਚਣ ਤੇ ਪ੍ਰਿੰ. ਰਾਜਿੰਦਰ ਸਿੰਘ ਗਿੱਲ ਨੇ ਖਿਡਾਰਨਾਂ ਦੀ ਹੌਂਸਲਾ ਅਫਜਾਈ ਕੀਤੀ। ਖਿਡਾਰਨਾ ਨੇ ਦੱਸਿਆ ਕਿ ਕੁਆਰਟਰ ਫਾਈਨਲ ਵਿਚ ਉਨ੍ਹਾਂ ਨੇ ਪਠਾਨਕੋਟ ਦੀ ਟੀਮ ਨੂੰ ਹਰਾਇਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਹਾਸਲ ਕੀਤਾ। ਪ੍ਰਿੰ. ਰਾਜਿੰਦਰ ਸਿੰਘ ਗਿੱਲ ਨੇ ਟੀਮ ਕਪਤਾਨ ਮਨੀਸ਼ਾ ਜਾਂਗੜਾ, ਉਪ ਕਪਤਾਨ ਕੰਚਨ ਰਾਜਪੂਤ, ਅਨੂ ਰਾਜਪੂਤ ਅਤੇ ਦਿਲਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਟਾਫ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਖਿਡਾਰਨਾਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਨੇ ਸਾਬਤ ਕਰ ਦਿੱਤਾ ਹੈ ਕਿ ਸਹੀ ਮਾਰਗ ਦਰਸ਼ਨ ਅਤੇ ਲਗਨ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਨੀਸ਼ਾ ਜਾਂਗੜਾ ਪਹਿਲਾਂ ਵੀ ਰਾਸ਼ਟਰੀ ਪੱਧਰ ਤੇ ਆਪਣੀ ਖੇਡ ਦਾ ਜੌਹਰ ਦਿਖਾ ਚੁੱਕੀ ਹੈ, ਜਦਕਿ ਅਨੂ ਅਤੇ ਕੰਚਨ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਟੀਮ ਕਪਤਾਨ ਮਨੀਸ਼ਾ ਜਾਂਗੜਾ ਨੇ ਭਾਵੁਕ ਹੁੰਦਿਆਂ ਕਿਹਾ ਕਿ“ਪ੍ਰਿੰਸੀਪਲ ਸਭ ਤੋਂ ਵਧੀਆ ਕੋਚ ਹਨ।।ਅੱਜ ਜਿਸ ਮੁਕਾਮ ਤੇ ਉਹ ਹੈ, ਉਸ ਵਿਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਨੂ ਅਤੇ ਕੰਚਨ ਨੇ ਵੀ ਕਿਹਾ ਕਿ ਪ੍ਰਿੰਸੀਪਲ ਨੇ ਸਾਨੂੰ ਬੈਡਮਿੰਟਨ ਦੀ ਕੋਚਿੰਗ ਦੇਣ ਦੇ ਨਾਲ-ਨਾਲ ਜੀਵਨ ਵਿਚ ਅੱਗੇ ਵਧਣ ਦੀ ਸਿੱਖਿਆ ਵੀ ਦਿੱਤੀ ਹੈ। ਇਸ ਲਈ ਅੱਜ ਦਾ ਇਹ ਤਗਮਾ ਅਸੀਂ ਆਪਣੇ ਕੋਚ ਪ੍ਰਿੰਸੀਪਲ ਨੂੰ ਸਮਰਪਿਤ ਕਰਦੀਆਂ ਹਨ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਬੈਡਮਿੰਟਨ ਖਿਡਾਰੀ ਅਤੇ ਪੰਜਾਬ ਚੈਂਪੀਅਨ ਜੀਆ ਲਾਲ ਸ਼ਰਮਾ ਨੇ ਪ੍ਰਿੰ. ਰਾਜਿੰਦਰ ਸਿੰਘ ਗਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬੈਡਮਿੰਟਨ ਖੇਡ ਦੀ ਪਛਾਣ ਬਣਾਉਣ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਕੂਲ ਮੈਨੇਜਰ ਨੇ ਵੀ ਖਿਡਾਰਨਾਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੀਆਂ ਹਨ। ਇਸ ਮੌਕੇ ਅਕਸ਼ੈ ਤੇਜਪਾਲ, ਵਾਈਸ ਪ੍ਰਿੰ. ਇੰਦਰਜੀਤ ਕੌਰ, ਲੈਕ. ਤ੍ਰਿਸਨਾ, ਸਪੋਰਟਸ ਇੰਚਾਰਜ ਗੁਰਪ੍ਰੀਤ ਕੌਰ, ਪਰਵੇਸ਼ ਰਾਣੀ, ਰਜਨੀ ਨਈਅਰ, ਬੈਡਮਿੰਟਨ ਖਿਡਾਰਨ ਪਲਕ, ਜਸਪਾਲ ਸਿੰਘ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।