ਪੰਜਾਬ ਬੰਦ ਦੇ ਸੱਦੇ ’ਤੇ ਬੱਛੂਆਂ ਟੋਲ ਪਲਾਜ਼ਾ ਰਿਹਾ ਪੂਰੀ ਤਰ੍ਹਾਂ ਬੰਦ ਪੰਜਾਬ ਬੰਦ ਦੇ ਸੱਦੇ 'ਤੇ ਬੱਛੂਆਂ ਟੋਲ ਪਲਾਜਾ ਰਿਹਾ ਪੂਰੀ ਤਰ੍ਹਾਂ ਬੰਦ
Publish Date: Fri, 21 Aug 2026 04:16 PM (IST)
Updated Date: Fri, 21 Aug 2026 04:18 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਕੌਮੀ ਇਨਸਾਫ਼ ਮੋਰਚਾ ਵੱਲੋਂ ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਟੋਲ ਪਲਾਜ਼ਾ ਬੱਛੂਆ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਤੌਰ ’ਤੇ ਸ਼ਾਂਤੀਪੂਰਵਕ ਬੰਦ ਰਿਹਾ। ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਭੜਾਸ ਕੱਢੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਦੋਵੇਂ ਸਾਈਡਾਂ ’ਤੇ ਟ੍ਰੈਫਿਕ ਜਾਮ ਹੋ ਗਿਆ ਅਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕੌਮੀ ਇਨਸਾਫ਼ ਮੋਰਚਾ ਦੇ ਵੱਖ-ਵੱਖ ਲੀਡਰਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਇਹ ਬੰਦ ਪੂਰਨ ਤੌਰ ’ਤੇ ਕਾਮਯਾਬ ਰਿਹਾ। ਸਮੂਹ ਲੀਡਰਾਂ ਵੱਲੋਂ ਇਕ ਸੁਰ ਵਿਚ ਕਿਹਾ ਕਿ ਇੱਕ ਪਾਸੇ ਬਲਾਤਕਾਰੀ ਨੂੰ ਕਈ ਵਾਰ ਪੈਰੋਲ ’ਤੇ ਵਾਰ-ਵਾਰ ਛੱਡ ਦਿੱਤਾ ਜਾਂਦਾ ਹੈ, ਦੂਜੇ ਪਾਸੇ ਜੋ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਪੱਖਪਾਤ ਦੀ ਨੀਤੀ ਅਪਣਾ ਰਹੀ ਹੈ। ਜਦਕਿ ਭਾਰਤ ਅਤੇ ਪੰਜਾਬ ਵਿਚ ਕਾਨੂੰਨ ਇੱਕ ਹੈ ਪਰ ਸਰਕਾਰਾਂ ਆਪਣੇ ਢੰਗ ਨਾਲ ਕਾਨੂੰਨ ਵਿਵਸਥਾ ਨੂੰ ਚਲਾ ਕੇ ਵੋਟਾਂ ਦੀ ਰਾਜਨੀਤੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਬੰਦੀ ਸਿੰਘਾਂ ਦੀ ਰਿਹਾਈ ਨਾ ਕੀਤੀ ਗਈ ਤਾਂ ਵੱਡੇ ਪੱਧਰ ’ਤੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ। ਟਰੱਕ ਡਰਾਈਵਰਾਂ ਨੇ ਦੱਸਿਆ ਕਿ 20-20 ਸਾਲਾਂ ਤੋਂ ਵੱਧ ਸਮਾਂ ਜੇਲ੍ਹ ਭੁਗਤ ਚੁੱਕੇ ਬੰਦੀ ਸਿੰਘ ਜੇਲ੍ਹਾਂ ਵਿਚ ਰੁਲ ਰਹੇ ਹਨ। ਜਿਨ੍ਹਾਂ ਲਈ ਕੌਮੀ ਇਨਸਾਫ਼ ਮੋਰਚੇ ਪੰਜਾਬ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਪੂਰਨ ਸਮਰਥਨ ਦਿੰਦੇ ਹਾਂ। ਜੇਕਰ ਸਾਨੂੰ ਦੋ ਚਾਰ ਘੰਟੇ ਰੋਡ ’ਤੇ ਰੁਕਣਾ ਪੈਂਦਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਹੈ। ਜੋ ਬੰਦੀ ਸਿੰਘ ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਅਸੀਂ ਇਸ ਮੋਰਚੇ ਦਾ ਸਮਰਥਨ ਕਰਦੇ ਹਾਂ। ਇਸ ਮੌਕੇ ਟੋਲ ਪਲਾਜ਼ਾ ਬੱਛੂਆਂ ਵਿਖੇ ਸਰਪੰਚ ਹਰਨੇਕ ਸਿੰਘ ਫੌਜੀ ਜਮੀਤਗੜ੍ਹ, ਤੇਜ਼ੀ ਮਾਂਗਟ ਜ਼ਿਲ੍ਹਾ ਯੂਥ ਪ੍ਰਧਾਨ ਮਿਸਲ ਸਤਲੁਜ ਪੰਜਾਬ, ਕੁਲਵੀਰ ਸਿੰਘ ਫੌਜੀ, ਗੁਰਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਫੌਜੀ ਬਲਾਚੌਰ, ਤਲਵੀਰ ਸਿੰਘ ਨਿਹੰਗ ਸਿੰਘ, ਸਤਪਾਲ ਸਿੰਘ ਵਾਰਸ ਪੰਜਾਬ, ਵਿੱਕੀ ਜਮੀਤ ਗੜ੍ਹ, ਅੰਮ੍ਰਿਤਪਾਲ ਸਿੰਘ, ਸੂਬੇਦਾਰ ਕੁਲਵੀਰ ਸਿੰਘ, ਐਡਵੋਕੇਟ ਪ੍ਰਵੇਸ਼ ਖੋਸਲਾ, ਰਜਿੰਦਰ ਸਿੰਘ, ਬੁੱਧ ਸਿੰਘ, ਜਰਨੈਲ ਸਿੰਘ, ਸੁਖਜਿੰਦਰ ਸਿੰਘ ਅਟਵਾਲ ਨਵਾਂਸ਼ਹਿਰ, ਜੋਗਾ ਸਿੰਘ ਜੱਬਾ ਮੁੱਤੋਂ, ਜਥੇ. ਤਰਲੋਚਨ ਸਿੰਘ ਪਨਿਆਲੀ, ਜਗਤਾਰ ਸਿੰਘ, ਮਹਿੰਦਰ ਪਾਲ, ਰਵਿੰਦਰ ਸਿੰਘ ਖਾਲਸਾ, ਸਤਵਿੰਦਰ ਸਿੰਘ ਵੜੈਚ ਅਤੇ ਹੋਰ ਸਾਥੀ ਹਾਜ਼ਰ ਸਨ।