ਚਾਂਦਪੁਰ ਰੁੜਕੀ ’ਚ ਬਾਬਾ ਗੁਰਦਿੱਤਾ ਜੀ ਦਾ ਸਾਲਾਨਾ ਜੋੜ ਮੇਲਾ ਅੱਜ ਚਾਂਦਪੁਰ ਰੁੜਕੀ ਵਿਖੇ ਬਾਬਾ ਗੁਰਦਿੱਤਾ ਜੀ ਦਾ ਸਾਲਾਨਾ ਜੋੜ ਮੇਲਾ ਅੱਜ
Publish Date: Sun, 16 Aug 2026 05:45 PM (IST)
Updated Date: Sun, 16 Aug 2026 05:47 PM (IST)
- ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਹੋਣਗੀਆਂ ਨਤਮਸਤਕ, ਸੰਤ ਸਮਾਗਮ, ਖ਼ੂਨਦਾਨ ਤੇ ਮੈਡੀਕਲ ਕੈਂਪ ਵੀ ਲੱਗਣਗੇ ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਗ ’ਤੇ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਮਾਰਗ ’ਤੇ ਪਿੰਡ ਕੁੱਕੜ ਮਜਾਰਾ ਨੇੜੇ ਚਾਂਦਪੁਰ ਰੁੜਕੀ ਮੋੜ ਤੋਂ ਕਰੀਬ ਦੋ ਕਿਲੋਮੀਟਰ ਦੂਰ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਅਤੇ ਮਹਾਨ ਸੰਤ ਸਮਾਗਮ 15 ਤੋਂ 17 ਅਗਸਤ ਤੱਕ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਇਲਾਕੇ ਵਿੱਚ ਝੰਡਾ ਸਾਹਿਬ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਮਰਪਿਤ ਇਸ ਪਵਿੱਤਰ ਅਸਥਾਨ ’ਤੇ ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਬਜ਼ੁਰਗਾਂ ਅਨੁਸਾਰ ਇਸ ਅਸਥਾਨ ਦਾ ਇਤਿਹਾਸ ਬਾਬਾ ਕੇਸਰਾ ਸਿੰਘ ਨਾਲ ਵੀ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਬਾਬਾ ਕੇਸਰਾ ਸਿੰਘ, ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਸੂਰਜ ਮੱਲ ਦੀ ਵੰਸ਼ ਵਿੱਚੋਂ ਸਨ। ਉਹ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਇਸ਼ਟ ਮੰਨਦੇ ਹੋਏ ਉਦਾਸੀ ਭੇਖ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕਰਦੇ ਸਨ। ਜੋੜ ਮੇਲੇ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਰਾਗੀ ਅਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹਾਨ ਸੰਤ ਸਮਾਗਮ, ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ’ਤੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ। ਸਮਾਜ ਸੇਵੀ ਸੰਸਥਾਵਾਂ ਅਤੇ ਸੇਵਾਦਾਰਾਂ ਵੱਲੋਂ ਨਿਸ਼ਕਾਮ ਸੇਵਾ ਨਿਭਾਈ ਜਾਵੇਗੀ। ਇਲਾਕੇ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਵੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਦਰਸ਼ਨ ਦੇਣਗੀਆਂ। ਬਾਬਾ ਗੁਰਦਿੱਤਾ ਜੀ ਨਾਲ ਸਬੰਧਿਤ ਇਹ ਪਵਿੱਤਰ ਅਸਥਾਨ ਇਲਾਕੇ ਵਿੱਚ ਵਿਸ਼ੇਸ਼ ਧਾਰਮਿਕ ਮਹੱਤਤਾ ਰੱਖਦਾ ਹੈ। ਹਰ ਸਾਲ ਲੱਗਣ ਵਾਲਾ ਇਹ ਜੋੜ ਮੇਲਾ ਸ਼ਰਧਾ, ਭਗਤੀ, ਸੇਵਾ ਅਤੇ ਸਾਂਝੀਵਾਲਤਾ ਦੀ ਵਿਲੱਖਣ ਮਿਸਾਲ ਪੇਸ਼ ਕਰਦਾ ਹੈ।