- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਬਰ ਫਰਾਡ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਵਿਖੇ ਵਿਦਿਆਰਥੀਆਂ ਨੂੰ ਵਧ ਰਹੀਆਂ ਆਨਲਾਈਨ ਠੱਗੀਆਂ ਅਤੇ ਡਿਜ਼ੀਟਲ ਦੁਨੀਆ ਵਿਚ ਸੁਰੱਖਿਅਤ ਰਹਿਣ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਸਾਈਬਰ ਫਰਾਡ ਸਬੰਧੀ ਜਾਗਰੂਕਤਾ ਸੈਮੀਨਾਰ ਕੀਤਾ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਈਬਰ ਫਰਾਡ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਕਿ ਫਿਸ਼ਿੰਗ, ਜਾਅਲੀ ਫੋਨ ਕਾਲਾਂ ਅਤੇ ਸੁਨੇਹੇ, ਓਟੀਪੀ ਘੁਟਾਲੇ, ਆਨਲਾਈਨ ਬੈਂਕਿੰਗ ਧੋਖਾਧੜੀ, ਯੂਪੀਆਈ ਫਰਾਡ, ਪਛਾਣ ਦੀ ਚੋਰੀ ਅਤੇ ਧੋਖਾਧੜੀ ਵਾਲੇ ਲਿੰਕਾਂ ਬਾਰੇ ਜਾਣਕਾਰੀ ਦੇਣਾ ਸੀ। ਸਾਈਬਰ ਅਪਰਾਧੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਕਾਲਾਂ, ਸੁਨੇਹਿਆਂ, ਵੈੱਬ ਸਾਈਟਾਂ ਅਤੇ ਸੋਸ਼ਲ ਮੀਡੀਆ ਪਲੇਟ ਫਾਰਮਾਂ ਰਾਹੀਂ ਕਿਵੇਂ ਆਪਣੇ ਜਾਲ ਵਿਚ ਫਸਾਉਂਦੇ ਹਨ। ਵਿਦਿਆਰਥੀਆਂ ਨੂੰ ਆਨ ਲਾਈਨ ਲੈਣ-ਦੇਣ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣ ਅਤੇ ਕਿਸੇ ਵੀ ਵਿਅਕਤੀ ਨਾਲ ਓਟੀਵੀ ਪਿਨ, ਪਾਸਵਰਡ, ਬੈਂਕ ਖਾਤੇ ਨਾਲ ਸਬੰਧਿਤ ਜਾਣਕਾਰੀ ਜਾਂ ਹੋਰ ਗੁਪਤ ਜਾਣਕਾਰੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਸ਼ੱਕੀ ਲਿੰਕਾਂ ਜਾਂ ਬੇਨਤੀਆਂ ਦਾ ਜਵਾਬ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਪੁਸ਼ਟੀ ਕਰਨ ਅਤੇ ਸਾਈਬਰ ਫਰਾਡ ਹੋਣ ਦੀ ਸੂਰਤ ਵਿਚ ਤੁਰੰਤ ਸਬੰਧਿਤ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਇੰਟਰ ਐਕਟਿਵ ਸੈਸ਼ਨ ਰਾਹੀਂ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ, ਜ਼ਿੰਮੇਵਾਰ ਡਿਜ਼ੀਟਲ ਵਿਹਾਰ ਅਤੇ ਆਨ ਲਾਈਨ ਧੋਖਾਧੜੀ ਤੋਂ ਬਚਾਅ ਸੰਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਵਿਦਿਆਰਥੀਆਂ ਨੇ ਸੈਮੀਨਾਰ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਮ ਸਾਈਬਰ ਘੁਟਾਲਿਆਂ ਅਤੇ ਉਨ੍ਹਾਂ ਤੋਂ ਬਚਾਅ ਸੰਬੰਧੀ ਕਈ ਸਵਾਲ ਪੁੱਛੇ। ਕਾਲਜ ਪ੍ਰਬੰਧਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਵਿਚ ਡਿਜ਼ੀਟਲ ਜਾਗਰੂਕਤਾ ਅਤੇ ਸਾਈਬਰ ਸੁਰੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸੈਮੀਨਾਰ ਦਾ ਸਮਾਪਨ ਵਿਦਿਆਰਥੀਆਂ ਨੂੰ ਸੁਚੇਤ ਰਹੋ, ਸੁਰੱਖਿਅਤ ਰਹੋ ਅਤੇ ਕਲਿੱਕ ਕਰਨ ਤੋਂ ਪਹਿਲਾਂ ਸੋਚੋ ਦਾ ਸੰਦੇਸ਼ ਦਿੰਦਿਆਂ ਕੀਤਾ।