ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੱਢੀ ਜਾਗਰੂਕਤਾ ਰੈਲੀ
Publish Date: Sun, 25 Oct 2026 03:59 PM (IST)
Updated Date: Sun, 25 Oct 2026 04:01 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਪੰਕਜ ਸ਼ਰਮਾ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਸੁਭਾਸ਼ ਚੰਦਰ ਦੀ ਅਗਵਾਈ ਹੇਠ ਬਾਬਾ ਵਜੀਰ ਸਿੰਘ ਗਰਲਜ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਦੇ ਸਹਿਯੋਗ ਨਾਲ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ। ਇਸ ਰੈਲੀ ’ਚ ਪ੍ਰਿੰ. ਜਸਵੀਰ ਸਿੰਘ ਨੇ ਡੀਐੱਸਪੀ ਪੰਕਜ ਸ਼ਰਮਾ ਅਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਦਾ ਭਰਵਾਂ ਸਵਾਗਤ ਕੀਤਾ। ਡੀਐੱਸਪੀ ਪੰਕਜ ਸ਼ਰਮਾ ਨੇ ਦੱਸਿਆ ਕਿ ਨਸ਼ਾ ਅੱਜ ਦੇ ਸਮੇਂ ਦੀ ਬਹੁਤ ਹੀ ਭਿਆਨਕ ਸਮੱਸਿਆ ਹੈ। ਸਾਨੂੰ ਸਾਰਿਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਆਪਣੇ ਅਧਿਆਪਕਾਂ ਜਾਂ ਮਾਤਾ ਪਿਤਾ ਨਾਲ ਸਾਂਝੇ ਕਰੋ। ਕਿਉਂਕਿ ਸਾਡੀ ਜ਼ਿੰਦਗੀ ਵਿਚ ਉਹ ਹੀ ਸਾਡੇ ਸੱਚੇ ਦੋਸਤ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਕਦੇ ਵੀ ਕਿਸੇ ਜਾਣੇ-ਅਣਜਾਣੇ ਵਿਅਕਤੀ ਦੇ ਬਹਿਕਾਵੇ ਵਿਚ ਆ ਕੇ ਨਸ਼ੇ ਦੀ ਵਰਤੋਂ ਨਹੀਂ ਕਰਨੀ। ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਅੱਜ ਦੀ ਰੈਲੀ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਨਸ਼ਿਆਂ ਦੇ ਖ਼ਿਲਾਫ਼ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਵੀ ਨਸ਼ਾ ਦੇ ਆਦੀ ਹੋ ਰਹੇ ਹਨ, ਜਿਸ ਨਾਲ ਉਹ ਹੌਲੀ-ਹੌਲੀ ਹੈਰੋਇਨ ਵਰਗੇ ਨਸ਼ਿਆ ਦੀ ਦਲਦਲ ਵਿੱਚ ਫਸ ਜਾਂਦੇ ਹਨ, ਫਿਰ ਉਨ੍ਹਾਂ ਲਈ ਨਸ਼ਿਆਂ ਦੇ ਜਾਲ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਨਸ਼ੇ ਤੋਂ ਦੂਰ ਰਹਿ ਸਕੀਏ। ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੀ ਪਛਾਣ ਬਣਾ ਕੇ ਰੱਖੀਏ ਅਤੇ ਬੁਰੀਆਂ ਆਦਤਾਂ ਤੋਂ ਦੂਰ ਰਹੀਏ। ਸਾਨੂੰ ਹਮੇਸ਼ਾ ਆਪਣੇ ਸ਼ਹੀਦੀ ਯੋਧਿਆਂ, ਗੁਰੂਆਂ ਪੀਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦਿੱਤੇ ਮਾਰਗ ਦਰਸ਼ਨ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਵਿਰਸੇ ਨੂੰ ਬਚਾਅ ਕੇ ਰੱਖੀਏ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਦੂਰ ਰਹਿ ਸਕੀਏ। ਇਸ ਮੌਕੇ ਬਿਕਰਮਜੀਤ ਸਿੰਘ ਸਾਬਕਾ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਡੀਐੱਸਪੀ ਪੰਕਜ ਸ਼ਰਮਾ ਨੇ ਸੁਭਾਸ਼ ਚੰਦਰ ਟ੍ਰੈਫਿਕ ਇੰਚਾਰਜ ਨਵਾਂਸ਼ਹਿਰ ਨੇ ਹਰੀ ਝੰਡੀ ਦਿਖਾ ਕੇ ਨਸ਼ਾ ਵਿਰੋਧੀ ਜਾਗਰੂਤਾ ਰੈਲੀ ਨੂੰ ਰਵਾਨਾ ਕੀਤਾ। ਇਹ ਰੈਲੀ ਬਾਬਾ ਵਜੀਰ ਸਿੰਘ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਤੋਂ ਲੈ ਕੇ ਚੰਡੀਗੜ੍ਹ ਚੌਕ ਤੋਂ ਹੁੰਦੀ ਹੋਈ ਮੁੜ ਸਕੂਲ ਤੱਕ ਕੱਢੀ ਗਈ। ਰੈਲੀ ਦੌਰਾਨ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਵੱਲੋਂ ਹੱਥਾਂ ਵਿੱਚ ਬੈਨਰ, ਤਖਤੀਆਂ ਲੈ ਕੇ ਨਸ਼ੇ ਵਿਰੋਧੀ ਨਾਅਰੇ ਲਗਾਏ ਗਏ। ਇਸ ਮੌਕੇ ਦਿਨੇਸ਼ ਕੁਮਾਰ, ਪਰਵੇਸ਼ ਕੁਮਾਰ, ਗੋਬਿੰਦ ਅਧਿਕਾਰੀ ਮੈਂਬਰ ਮੇਰਾ ਯੁਵਾ ਭਾਰਤ ਨਵਾਂਸ਼ਹਿਰ, ਹਰਭਜਨ ਸਿੰਘ ਹੀਰ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।