ਜ਼ਿਲ੍ਹਾ ਹਸਪਤਾਲ ’ਚ ਅੱਖਾਂ ਦਾਨ ਪੰਦਰਵਾੜੇ ਤਹਿਤ ਕੀਤਾ ਜਾਗਰੂਕ ਜ਼ਿਲ੍ਹਾ ਹਸਪਤਾਲ 'ਚ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ
Publish Date: Thu, 03 Sep 2026 05:38 PM (IST)
Updated Date: Thu, 03 Sep 2026 05:40 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਅਜੇ ਬਸਰਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ 41ਵੇਂ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ। ਇਸ ਦੌਰਾਨ ਲੋਕਾਂ ਨੂੰ ਮੌਤ ਉਪਰੰਤ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਇਸ ਮਹਾਨ ਮਨੁੱਖੀ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਡਾ. ਅਜੇ ਬਸਰਾ ਨੇ ਕਿਹਾ ਕਿ ਅੱਖਾਂ ਦਾਨ ਕਰਨਾ ਕਿਸੇ ਦੀ ਜ਼ਿੰਦਗੀ ਵਿਚ ਰੌਸ਼ਨੀ ਲਿਆਉਣ ਵਾਲੀ ਮਹਾਨ ਸੇਵਾ ਹੈ। ਉਨ੍ਹਾਂ ਕਿਹਾ ਕਿ ਨੇਤਰਹੀਣਤਾ ਕਾਰਨ ਜ਼ਿੰਦਗੀ ਵਿਚ ਹਨੇਰਾ ਦੇਖ ਰਹੇ ਵਿਅਕਤੀਆਂ ਲਈ ਅੱਖਾਂ ਦਾਨ ਇੱਕ ਵੱਡਾ ਆਸਰਾ ਬਣ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ‘ਆਓ, ਮੌਤ ਤੋਂ ਬਾਅਦ ਵੀ ਕਿਸੇ ਦੀ ਜ਼ਿੰਦਗੀ ਰੌਸ਼ਨ ਕਰਨ ਦਾ ਸੰਕਲਪ ਲਈਏ’। ਅੱਖਾਂ ਦੇ ਮਾਹਿਰ ਡਾ. ਦਵਿੰਦਰ ਢਾਂਡਾ ਨੇ ਅੱਖਾਂ ਦਾਨ ਸਬੰਧੀ ਮਹੱਤਵ ਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੌਤ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋਵੇ, ਅੱਖਾਂ ਦਾਨ ਦੀ ਪ੍ਰਕਿਰਿਆ ਕਰਵਾਉਣੀ ਚਾਹੀਦੀ ਹੈ ਅਤੇ ਆਮ ਤੌਰ ’ਤੇ 6 ਤੋਂ 8 ਘੰਟਿਆਂ ਦੇ ਅੰਦਰ ਇਹ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਐਨਕ ਲੱਗੀ ਹੋਵੇ ਜਾਂ ਅੱਖਾਂ ਦੀ ਪਹਿਲਾਂ ਸਰਜਰੀ ਹੋਈ ਹੋਵੇ ਵਰਗੀਆਂ ਸਥਿਤੀਆਂ ਵਿਚ ਵੀ ਵਿਅਕਤੀ ਅੱਖਾਂ ਦਾਨ ਕਰਨ ਦੇ ਯੋਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਦ੍ਰਿਸ਼ਟੀ ਮਿਲਣ ਦਾ ਮੌਕਾ ਮਿਲ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਤ ਉਪਰੰਤ ਅੱਖਾਂ ਦਾਨ ਕਰਨ ਦਾ ਸੰਕਲਪ ਲੈਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨ। ਸਮਾਗਮ ਦੌਰਾਨ ਅੱਖਾਂ ਦਾਨ ਸੰਬੰਧੀ ਜਾਗਰੂਕਤਾ ਸੰਦੇਸ਼ ਸਾਂਝੇ ਕੀਤੇ ਗਏ। ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਸਵਰਨਜੀਤ ਕੁਲਾਰ, ਅਪਥਾਲਮਿਕ ਅਫ਼ਸਰ ਦੀਪਕ ਸ਼ਰਮਾ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।