'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲੱਗਣਗੇ : ਨਰੇਸ਼ ਕੁਮਾਰ 'ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲੱਗਣਗੇ-ਨਰੇਸ਼ ਕੁਮਾਰ
Publish Date: Wed, 14 Oct 2026 04:32 PM (IST)
Updated Date: Wed, 14 Oct 2026 04:33 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਟੇਟ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨ ਦੇ ਤਹਿਤ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ‘ਸਾਡੇ ਬਜ਼ੁਰਗ, ਸਾਡਾ ਮਾਣ’ ਵਿਸ਼ੇ ਅਧੀਨ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਵਿਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ 23 ਅਕਤੂਬਰ ਨੂੰ ਕਮਿਊਨਿਟੀ ਹਾਲ ਪਿੰਡ ਹੱਪੋਵਾਲ ਵਿਖੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੈਂਪ ਲਗਾਇਆ ਜਾਵੇਗਾ। 28 ਅਕਤੂਬਰ ਨੂੰ ਸਿੰਘ ਸਭਾ ਗੁਰਦੁਆਰਾ ਨੇੜੇ ਪੰਜਾਬ ਨੈਸ਼ਨਲ ਬੈਂਕ ਮਹਿਤਪੁਰ ਬਲਾਕ ਬਲਾਚੌਰ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਕੈਂਪ ਲੱਗੇਗਾ। 30 ਅਕਤੂਬਰ ਨੂੰ ਸ਼ਿਵ ਮੰਦਰ ਨੇੜੇ, ਸੈਕੰਡਰੀ ਸਕੂਲ, ਸੜੋਆ ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਕੈਂਪ ਲੱਗੇਗਾ। ਇਸ ਮੌਕੇ ਬਲਾਕ ਪੱਧਰ ਦੇ ਕੈਂਪਾਂ ਤੋਂ ਇਲਾਵਾ ਸਾਡੇ ਬਜ਼ੁਰਗ ਸਾਡਾ ਮਾਣ ਵਿਸ਼ੇ ਦੇ ਤਹਿਤ ਜ਼ਿਲ੍ਹਾ ਪੱਧਰ ਦਾ ਕੈਂਪ 16 ਅਕਤੂਬਰ ਸ਼ੁੱਕਰਵਾਰ ਨੂੰ ਸ਼੍ਰੀ ਵਿਸ਼ਵਕਰਮਾ ਮੰਦਿਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਕੈਂਪ ਲਗਾਇਆ ਜਾਵੇਗਾ। ਇਨ੍ਹਾਂ ਸਾਰੇ ਕੈਂਪਾਂ ਵਿਚ ਬਜ਼ੁਰਗਾਂ ਦਾ ਹੈਲਥ ਚੈੱਕਅਪ ਕੀਤਾ ਜਾਵੇਗਾ। ਜਿਸ ਵਿਚ ਡਿਮੈਂਨਸ਼ੀਆ ਸਕ੍ਰੀਨਿੰਗ, ਐੱਨਸੀਡੀ, ਕੈਂਸਰ ਰੋਗ ਸਕਰੀਨਿੰਗ, ਔਰਥੋਪੈਡਿਕ ਚੈੱਕਅਪ, ਅੱਖਾਂ ਦਾ ਚੈੱਕਅਪ, ਫਿਜ਼ੀਓਥੈਰੇਪੀ, ਸਾਈਕੈਟਰਿਕ/ਕਲੀਨੀਕਲ ਸਾਈਕੋਲੋਜੀਕਲ ਅਸੈਸਮੈਂਟ ਸੰਬੰਧੀ ਚੈੱਕਅਪ ਕੀਤੇ ਜਾਣਗੇ ਅਤੇ ਲੋੜ ਅਨੁਸਾਰ ਇਲਾਜ ਕੀਤਾ ਜਾਵੇਗਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ, ਨਜ਼ਰ ਦੀਆਂ ਐਨਕਾਂ ਦੀ ਵੰਡ ਕੀਤੀ ਜਾਵੇਗੀ ਅਤੇ ਅੱਖਾਂ ਦੀ ਕੈਟਾਰੈਕਟ ਸਰਜਰੀ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਹ ਸਾਰਾ ਖਰਚਾ ਸਰਕਾਰ ਵੱਲੋਂ ਹੀ ਕੀਤਾ ਜਾਵੇਗਾ। ਇਨ੍ਹਾਂ ਕੈਂਪਾਂ ਦੌਰਾਨ ਅਲਿਮਕੋ ਸੰਸਥਾ ਵੱਲੋਂ ਅਸੈੱਸਮੈਂਟ ਕੈਂਪ ਲਗਾਇਆ ਜਾਵੇਗਾ। ਜਿਸ ਵਿਚ ਸੀਨੀਅਰ ਸਿਟੀਜ਼ਨਾਂ ਨੂੰ ਕਾਲਰ, ਬੈਲਟ, ਵਾਕਿੰਗ ਸਟਿੱਕ ਅਤੇ ਕੰਨਾਂ ਨੂੰ ਲਗਾਉਣ ਵਾਲੀ ਮਸ਼ੀਨ ਦੇਣ ਸੰਬੰਧੀ ਅਸੈੱਸਮੈਂਟ ਕੀਤੀ ਜਾਵੇਗੀ ਅਤੇ ਮੌਕੇ ’ਤੇ ਉਪਲੱਬਧ ਸਾਮਾਨ ਦੀ ਵੰਡ ਕੀਤੀ ਜਾਵੇਗੀ। ਇਹ ਸਹਾਇਤਾ ਯੰਤਰ ਮੁਫ਼ਤ ਪ੍ਰਾਪਤ ਕਰਨ ਲਈ ਸੀਨੀਅਰ ਸਿਟੀਜ਼ਨ ਕੋਲ ਆਪਣਾ ਆਧਾਰ ਕਾਰਡ, ਮਹੀਨਾਵਾਰ ਆਮਦਨ 15 ਹਜਾਰ ਰੁਪਏ ਤੋਂ ਘੱਟ ਹੋਣ ਸਬੰਧੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਇਹ ਸਰਟੀਫਿਕੇਟ ਪਿੰਡ ਪੱਧਰ ’ਤੇ ਸਰਪੰਚ ਵੱਲੋਂ ਅਤੇ ਸ਼ਹਿਰੀ ਖੇਤਰ ਲਈ ਮਿਊਂਸਪਲ ਕੌਂਸਲਰ ਵੱਲੋਂ ਜਾਰੀ ਕੀਤਾ ਜਾਵੇਗਾ। 60 ਸਾਲ ਦੀ ਉਮਰ ਤੋਂ ਵੱਧ ਜ਼ਿਲ੍ਹੇ ਦੇ ਹਰ ਨਾਗਰਿਕ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਹਿੱਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਉਠਾਇਆ ਜਾਵੇ।