ਕੈਂਪ ਦੌਰਾਨ ਕੁਦਰਤੀ ਖੇਤੀ ਸਬੰਧੀ ਕੀਤਾ ਜਾਗਰੂਕ ਕੁਦਰਤੀ ਖੇਤੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
Publish Date: Fri, 28 Aug 2026 04:01 PM (IST)
Updated Date: Fri, 28 Aug 2026 04:04 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਪਿੰਡ ਭਾਰਟਾ ਵਿਖੇ ਡਾ. ਪ੍ਰਦੀਪ ਕੁਮਾਰ, ਉਪ-ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਅਗਵਾਈ ਹੇਠ ਕੁਦਰਤੀ ਖੇਤੀ ਸਬੰਧੀ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਜਗਰੂਕ ਕੀਤਾ। ਇਸ ਕੈਂਪ ਚ 80 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ ਜਿਸ ਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਕੁਦਰਤੀ ਖੇਤੀ ਦੀ ਵਰਤੋਂ ਦੇ ਮਹੱਤਵ ਪ੍ਰਤੀ ਜਾਣੂ ਕਰਵਾਉਣਾ ਸੀ। ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਜ਼ੀਰੋ ਬਜਟ ਕੁਦਰਤੀ ਖੇਤੀ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਕੁਦਰਤੀ ਖੇਤੀ ਦੀ ਮਹੱਤਤਾ ਬਾਰੇ ਵੀ ਦੱਸਿਆ। ਆਏ ਹੋਏ ਕਿਸਾਨਾਂ ਨੂੰ ਬੀਜ ਅੰਮ੍ਰਿਤ, ਜੀਵ ਅੰਮ੍ਰਿਤ ਅਤੇ ਘਣ-ਜੀਵ ਅੰਮ੍ਰਿਤ ਬਣਾਉਣ ਅਤੇ ਕੁਦਰਤੀ ਢੰਗ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਉੱਤੇ ਵੀ ਜ਼ੋਰ ਦਿੱਤਾ ਅਤੇ ਨਾਲ ਹੀ ਹਰੀ ਖਾਦ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਪ੍ਰੋਗਰਾਮ ਨੇ ਕਿਸਾਨਾਂ ਨੂੰ ਇੱਕ ਸਿਹਤਮੰਦ ਵਾਤਾਵਰਣ, ਬਿਹਤਰ ਮਿੱਟੀ ਦੀ ਸਿਹਤ ਅਤੇ ਇੱਕ ਟਿਕਾਊ ਤੇ ਕੁਦਰਤੀ ਖੇਤੀਬਾੜੀ ਲਈ ਸਾਧਨਾਂ ਦੀ ਸੰਤੁਲਿਤ ਵਰਤੋਂ ਅਤੇ ਸੁਧਰੇ ਕੁਦਰਤੀ ਖੇਤੀ ਢੰਗਾਂ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।