ਬਲਾਚੌਰ ਹਲਕੇ ਦਾ ਮਾਣ ਖਿਡਾਰੀ ਦੀਪੂ ਸਿੰਘਪੁਰੀਆ ਬਲਾਚੌਰ ਹਲਕੇ ਦਾ ਮਾਣ ਖਿਡਾਰੀ ਦੀਪੂ ਸਿੰਘਪੁਰੀਆ
Publish Date: Thu, 29 Oct 2026 04:26 PM (IST)
Updated Date: Thu, 29 Oct 2026 04:28 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਬਲਾਚੌਰ ਹਲਕੇ ਦੇ ਸੜੋਆ ਬਲਾਕ ਅਧੀਨ ਪੈਂਦੇ ਪਿੰਡ ਸਿੰਘਪੁਰ ਦਾ ਵਸਨੀਕ ਦੀਪੂ ਸਿੰਘਪੁਰੀਆ ਅੱਜ ਆਪਣੀ ਖੇਡ ਅਤੇ ਮਿਹਨਤ ਸਦਕਾ ਦੇਸ਼ਾਂ-ਵਿਦੇਸ਼ਾਂ ਵਿਚ ਇਲਾਕੇ ਦਾ ਨਾਮ ਰੌਸ਼ਨ ਕਰ ਰਿਹਾ ਹੈ। ਬਚਪਨ ਤੋਂ ਹੀ ਕਬੱਡੀ ਪ੍ਰਤੀ ਮੋਹ ਰੱਖਣ ਵਾਲੇ ਦੀਪੂ ਸਿੰਘਪੁਰ ਨੇ ਇਸ ਖੇਡ ਨੂੰ ਸਿਰਫ਼ ਆਪਣਾ ਸ਼ੌਕ ਨਹੀਂ, ਸਗੋਂ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ। ਜ਼ਿੰਦਗੀ ਵਿਚ ਹਰ ਖਿਡਾਰੀ ਨੂੰ ਉਤਾਰ-ਚੜ੍ਹਾਅ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਅਸਲ ਖਿਡਾਰੀ ਉਹ ਹੁੰਦਾ ਹੈ ਜੋ ਔਖੇ ਹਾਲਾਤਾਂ ਵਿਚ ਵੀ ਆਪਣੇ ਜਨੂੰਨ ਨੂੰ ਜਿਊਂਦਾ ਰੱਖੇ। ਦੀਪੂ ਸਿੰਘਪੁਰੀਆ ਇਸੇ ਜਜ਼ਬੇ ਦੀ ਮਿਸਾਲ ਹਨ। ਪੰਜਾਬ ਦੀ ਧਰਤੀ ਤੇ ਲੰਬਾ ਸਮਾਂ ਕਬੱਡੀ ਖੇਡਣ ਤੋਂ ਬਾਅਦ, ਪਰਿਵਾਰ ਦੇ ਬਿਹਤਰ ਭਵਿੱਖ ਲਈ ਉਹ ਲਗਭਗ 15-20 ਸਾਲ ਪਹਿਲਾਂ ਆਸਟਰੇਲੀਆ ਚਲੇ ਗਏ। ਵਿਦੇਸ਼ ਵਿਚ ਵਸਣ ਦੇ ਬਾਵਜੂਦ ਉਨ੍ਹਾਂ ਦਾ ਕਬੱਡੀ ਨਾਲ ਰਿਸ਼ਤਾ ਕਦੇ ਨਹੀਂ ਟੁੱਟਿਆ। ਉਨ੍ਹਾਂ ਨੇ ਉੱਥੇ ਵੀ ਆਪਣੀ ਖੇਡ ਜਾਰੀ ਰੱਖੀ ਅਤੇ ਆਪਣੀ ਮਿਹਨਤ, ਲਗਨ ਤੇ ਖੇਡ ਕਲਾ ਨਾਲ ਆਪਣੀ ਵੱਖਰੀ ਪਛਾਣ ਬਣਾਈ। ਦੀਪੂ ਸਿੰਘਪੁਰ ਨੇ ਦੋ ਵਾਰ ਪੰਜਾਬ ਵਿਚ ਹੋਏ ਪੰਜਾਬ ਸਟਾਈਲ ਕਬੱਡੀ ਵਿਸ਼ਵ ਕੱਪ ਦੌਰਾਨ ਆਸਟਰੇਲੀਆ ਦੀ ਟੀਮ ਵੱਲੋਂ ਖੇਡਦਿਆਂ ਆਪਣੀ ਖੇਡ ਦੇ ਜੌਹਰ ਦਿਖਾਏ। ਹੁਣ ਸਾਲ 2026 ਵਿਚ ਗੁਜਰਾਤ ਵਿਖੇ ਹੋ ਰਹੀ ਕਾਮਨ ਵੈਲਥ ਕਬੱਡੀ ਚੈਂਪੀਅਨਸ਼ਿਪ ਵਿਚ ਆਸਟਰੇਲੀਆ ਦੀ ਟੀਮ ਵੱਲੋਂ ਖੇਡਣ ਲਈ ਭਾਰਤ ਆਉਣਾ ਉਨ੍ਹਾਂ ਦੇ ਖੇਡ ਸਫ਼ਰ ਦਾ ਇੱਕ ਹੋਰ ਮਾਣਮੱਤਾ ਪਲ ਹੈ। ਦੀਪੂ ਸਿੰਘਪੁਰੀਆ, ਤੁਹਾਡਾ ਸੰਘਰਸ਼, ਖੇਡ ਪ੍ਰਤੀ ਸਮਰਪਣ ਅਤੇ ਹੌਂਸਲਾ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਹੈ। ਤੁਸੀਂ ਸਾਬਤ ਕੀਤਾ ਹੈ ਕਿ ਜੇ ਦਿਲ ਵਿਚ ਖੇਡ ਲਈ ਸੱਚਾ ਜਨੂੰਨ ਹੋਵੇ, ਤਾਂ ਦੂਰੀਆਂ ਅਤੇ ਹਾਲਾਤ ਵੀ ਰਾਹ ਨਹੀਂ ਰੋਕ ਸਕਦੇ। ਇਹ ਖਿਡਾਰੀ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਨਾ ਹੈ।