ਨਮ ਅੱਖਾਂ ਨਾਲ ਕੀਤਾ ਏਐੱਸਆਈ ਓਂਕਾਰ ਸਿੰਘ ਦਾ ਅੰਤਿਮ ਸੰਸਕਾਰ ਅਚਾਨਕ ਚੱਲੀ ਗੋਲੀ ਕਾਰਨ ਏਐੱਸਆਈ ਉਂਕਾਰ ਸਿੰਘ ਦੀ ਮੌਤ
Publish Date: Sun, 06 Sep 2026 06:34 PM (IST)
Updated Date: Sun, 06 Sep 2026 06:37 PM (IST)
-ਮੋਹਾਲੀ ਵਿਖੇ ਸੇਵਾਮੁਕਤ ਡੀਜੀਪੀ ਅਰਪਿਤ ਸ਼ੁਕਲਾ ਦੀ ਸੁਰੱਖਿਆ ਵਿੱਚ ਤਾਇਨਾਤ ਸਨ ਏਐੱਸਆਈ ਓਂਕਾਰ ਸਿੰਘ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੰਗਾ ਨਾਲ ਲੱਗਦੇ ਪਿੰਡ ਖਟਕੜ ਖੁਰਦ ਦੇ ਵਸਨੀਕ ਏਐੱਸਆਈ ਓਂਕਾਰ ਸਿੰਘ ਜੋ ਮੋਹਾਲੀ ਵਿਖੇ ਸੇਵਾਮੁਕਤ ਡੀਜੀਪੀ ਅਰਪਿਤ ਸ਼ੁਕਲਾ ਦੀ ਸੁਰੱਖਿਆ ਵਿੱਚ ਤਾਇਨਾਤ ਸਨ ਦੀ ਪਿਛਲੇ ਦਿਨੀਂ ਡਿਊਟੀ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਖੁਰਦ ਵਿਖੇ ਨਮ ਅੱਖਾਂ ਨਾਲ ਉਨਾਂ ਦੀ ਬੇਟੀ ਦੇ ਵਿਦੇਸ਼ ਆਉਣ ਤੋਂ ਉਪਰੰਤ ਕੀਤਾ ਗਿਆ। ਇਸ ਮੌਕੇ ਤੇ ਐੱਸਪੀ ਸਰਬਜੀਤ ਸਿੰਘ ਬਾਹੀਆ ਅਤੇ ਡੀਐੱਸਪੀ ਹਰਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਏਐੱਸਆਈ ਉਂਕਾਰ ਸਿੰਘ ਦੀ ਅਚਾਨਕ ਹੋਈ ਮੌਤ ਨੂੰ ਬੇਹੱਦ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਸਕੀਮਾਂ ਤਹਿਤ ਸਵਰਗੀ ਏਐਸਆਈ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਹੋਰ ਬਣਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਏਐੱਸਆਈ ਉਂਕਾਰ ਸਿੰਘ ਦੀ ਮੌਤ ਨਾਲ ਪਿੰਡ ਖਟਕੜ ਖੁਰਦ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਤੇ ਸਾਬਕਾ ਸਰਪੰਚ ਰਾਮ ਲੁਭਾਇਆ ਨੇ ਦੱਸਿਆ ਕਿ ਉਂਕਾਰ ਸਿੰਘ ਬਹੁਤ ਹੀ ਵਧੀਆ ਇਨਸਾਨ ਸਨ ਅਤੇ ਪਿੰਡ ਤੋਂ ਜਾ ਕੇ 6 ਵਜੇ ਡਿਊਟੀ ਤੇ ਤੈਨਾਤ ਹੋਏ ਅਤੇ ਉਨਾਂ ਨੂੰ ਸਾਢੇ 6 ਵਜੇ ਫੋਨ ਆਇਆ ਕਿ ਉਂਕਾਰ ਸਿੰਘ ਦੇ ਗੋਲੀ ਲੱਗ ਗਈ ਹੈ। ਤਾਂ ਉਹ ਪਰਿਵਾਰ ਸਮੇਤ ਹਸਪਤਾਲ ਪਹੁੰਚੇ ਜਿੱਥੇ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਰੱਖੀ ਹੋਈ ਸੀ। ਉਪਰੰਤ ਉਹ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਜਿੱਥੇ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਗੋਲੀ ਦੀ ਆਵਾਜ਼ ਆਈ ਉਸ ਸਮੇਂ ਉਂਕਾਰ ਸਿੰਘ ਇਕੱਲੇ ਸਨ ਨਾਲ ਦੇ ਕਰਮਚਾਰੀਆਂ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਤੁਰੰਤ ਉਂਕਾਰ ਸਿੰਘ ਨੂੰ ਹਸਪਤਾਲ ਪਹੁੰਚਾਇਆ। ਜਿਥੇ ਪੁੱਜਣ ਤੇ ਡਾਕਟਰਾਂ ਨੇ ਉਂਕਾਰ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਂਕਾਰ ਸਿੰਘ ਦੇ ਦੋਨਾਂ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਉਂਕਾਰ ਸਿੰਘ ਦਾ ਜਾਣਾ ਪਰਿਵਾਰ ਲਈ ਹੀ ਨਹੀਂ ਇਲਾਕੇ ਲਈ ਵੀ ਵੱਡਾ ਘਾਟਾ ਹੈ। ਇਸ ਮੌਕੇ ਰਿਸ਼ਤੇਦਾਰਾਂ, ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਉਂਕਾਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਉਂਕਾਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ, ਦੋ ਲੜਕੀਆਂ ਅਤੇ ਇੱਕ ਲੜਕੇ ਨੂੰ ਰੌਂਦਾ ਕੁਰਲਾਉਂਦਾ ਛੱਡ ਗਿਆ ਹੈ।