ਅੱਖਾਂ ਦੀ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਾ ਕੀਤਾ ਜਾਵੇ : ਸਿਵਲ ਸਰਜਨ ਅੱਖਾਂ ਦੀ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਾ ਕੀਤਾ ਜਾਵੇ-ਸਿਵਲ ਸਰਜਨ
Publish Date: Sun, 11 Oct 2026 04:39 PM (IST)
Updated Date: Sun, 11 Oct 2026 04:41 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਵਿਸ਼ਵ ਦ੍ਰਿਸ਼ਟੀ ਦਿਵਸ ਸਬੰਧੀ ਸਿਵਲ ਸਰਜਨ ਡਾ. ਅਮਨ ਸੂਦ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਅੱਖਾਂ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਨਜ਼ਰ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਨੂੰ ਅਣਗੌਲਿਆ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਖਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਦੀ ਸਹੀ ਦੇਖ-ਭਾਲ ਕਰ ਕੇ ਕਈ ਦ੍ਰਿਸ਼ਟੀ ਸਬੰਧੀ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਅੱਖਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀਆਂ ਕਈ ਬਿਮਾਰੀਆਂ ਸ਼ੁਰੂਆਤੀ ਦੌਰ ਵਿਚ ਸਪੱਸ਼ਟ ਲੱਛਣ ਨਹੀਂ ਦਿਖਾਉਂਦੀਆਂ, ਜਿਸ ਕਾਰਨ ਲੋਕ ਅਕਸਰ ਸਮੱਸਿਆ ਦੇ ਗੰਭੀਰ ਹੋਣ ਤੱਕ ਜਾਂਚ ਨਹੀਂ ਕਰਵਾਉਂਦੇ। ਨਜ਼ਰ ਧੁੰਦਲੀ ਹੋਣ, ਅੱਖਾਂ ਵਿਚ ਲਗਾਤਾਰ ਦਰਦ ਜਾਂ ਲਾਲੀ ਰਹਿਣ, ਪਾਣੀ ਆਉਣ, ਰੌਸ਼ਨੀ ਪ੍ਰਤੀ ਅਸਹਿਣਸ਼ੀਲਤਾ ਜਾਂ ਨਜ਼ਰ ਵਿਚ ਅਚਾਨਕ ਤਬਦੀਲੀ ਵਰਗੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਅੱਖਾਂ ਦੇ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਨਜ਼ਰ ਨੂੰ ਹੋਣ ਵਾਲੇ ਨੁਕਸਾਨ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੰਭਾਲ ਸਿਰਫ਼ ਬਿਮਾਰੀ ਹੋਣ ਤੋਂ ਬਾਅਦ ਹੀ ਨਹੀਂ, ਸਗੋਂ ਰੋਜ਼ਾਨਾ ਜੀਵਨ ਦਾ ਹਿੱਸਾ ਬਣਨੀ ਚਾਹੀਦੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਦਾਲਾਂ ਅਤੇ ਹੋਰ ਪੌਸ਼ਟਿਕ ਭੋਜਨ ਨੂੰ ਖੁਰਾਕ ਵਿਚ ਸ਼ਾਮਲ ਕਰਨਾ, ਪੂਰੀ ਨੀਂਦ ਲੈਣਾ, ਸਰੀਰਕ ਸਰਗਰਮੀ ਬਣਾਈ ਰੱਖਣਾ ਅਤੇ ਤੰਬਾਕੂਨੋਸ਼ੀ ਤੋਂ ਦੂਰ ਰਹਿਣਾ ਅੱਖਾਂ ਦੀ ਸਿਹਤ ਲਈ ਲਾਹੇਵੰਦ ਹੈ। ਇਸ ਦੇ ਨਾਲ ਹੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਵਿਅਕਤੀਆਂ ਨੂੰ ਆਪਣੀ ਸਿਹਤ ਦਾ ਨਿਯਮਿਤ ਮੁਲਾਂਕਣ ਕਰਵਾਉਣ ਦੇ ਨਾਲ ਅੱਖਾਂ ਦੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਮੋਬਾਈਲ ਫੋਨ, ਕੰਪਿਊਟਰ ਅਤੇ ਹੋਰ ਡਿਜੀਟਲ ਪਰਦਿਆਂ ਦੀ ਲਗਾਤਾਰ ਵਰਤੋਂ ਕਾਰਨ ਅੱਖਾਂ ਵਿਚ ਥਕਾਵਟ, ਖੁਸ਼ਕੀ ਅਤੇ ਬੇਆਰਾਮੀ ਮਹਿਸੂਸ ਹੋ ਸਕਦੀ ਹੈ। ਇਸ ਤੋਂ ਬਚਣ ਲਈ ਪਰਦਿਆਂ ਦੀ ਵਰਤੋਂ ਦੌਰਾਨ ਵਿਚਕਾਰ-ਵਿਚਕਾਰ ਵਿਰਾਮ ਲੈਣਾ, ਉਚਿਤ ਰੌਸ਼ਨੀ ਵਿਚ ਕੰਮ ਕਰਨਾ ਅਤੇ ਅੱਖਾਂ ਨੂੰ ਆਰਾਮ ਦੇਣਾ ਜ਼ਰੂਰੀ ਹੈ। ਬੱਚਿਆਂ ਨੂੰ ਮੋਬਾਈਲ ਦੀ ਬੇਲੋੜੀ ਅਤੇ ਲੰਬੇ ਸਮੇਂ ਤੱਕ ਵਰਤੋਂ ਤੋਂ ਬਚਾਉਂਦਿਆਂ ਖੇਡਾਂ ਅਤੇ ਬਾਹਰੀ ਗਤੀਵਿਧੀਆਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਨਜ਼ਰ ਨਾਲ ਸਬੰਧਿਤ ਸੰਕੇਤਾਂ ਵੱਲ ਖ਼ਾਸ ਧਿਆਨ ਦੇਣ। ਜੇਕਰ ਬੱਚਾ ਕਿਤਾਬ ਨੂੰ ਬਹੁਤ ਨੇੜੇ ਰੱਖ ਕੇ ਪੜ੍ਹਦਾ ਹੈ, ਵਾਰ-ਵਾਰ ਅੱਖਾਂ ਮਿਚਦਾ ਜਾਂ ਰਗੜਦਾ ਹੈ, ਟੈਲੀਵਿਜ਼ਨ ਦੇ ਨੇੜੇ ਬੈਠਦਾ ਹੈ, ਸਿਰ ਦਰਦ ਦੀ ਸ਼ਿਕਾਇਤ ਕਰਦਾ ਹੈ ਜਾਂ ਸਕੂਲ ਵਿਚ ਬਲੈਕ ਬੋਰਡ ਦੇਖਣ ਵਿਚ ਮੁਸ਼ਕਲ ਮਹਿਸੂਸ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਬਚਪਨ ਵਿਚ ਨਜ਼ਰ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਬੱਚੇ ਦੇ ਸਿੱਖਣ, ਵਿਕਾਸ ਅਤੇ ਰੋਜ਼ਾਨਾ ਜੀਵਨ ਲਈ ਬਹੁਤ ਮਹੱਤਵ ਪੂਰਨ ਹੈ। ਉਨ੍ਹਾਂ ਮੋਤੀਆ ਬਿੰਦ ਅਤੇ ਕਾਲਾ ਮੋਤੀਆ ਵਰਗੀਆਂ ਬਿਮਾਰੀਆਂ ਬਾਰੇ ਜਾਗਰੂਕ ਰਹਿਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਧਦੀ ਉਮਰ ਦੇ ਵਿਅਕਤੀਆਂ ਨੂੰ ਨਿਯਮਿਤ ਤੌਰ ’ਤੇ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਮੋਤੀਆ ਬਿੰਦ ਕਾਰਨ ਨਜ਼ਰ ਪ੍ਰਭਾਵਿਤ ਹੋਣ ਦੀ ਸਥਿਤੀ ਵਿਚ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਇਆ ਜਾ ਸਕਦਾ ਹੈ।।ਇਸੇ ਤਰ੍ਹਾਂ ਕਾਲਾ ਮੋਤੀਆ ਅਤੇ ਸ਼ੂਗਰ ਕਾਰਨ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਕਰਵਾਉਣਾ ਅਹਿਮ ਹੈ, ਕਿਉਂਕਿ ਕੁਝ ਬਿਮਾਰੀਆਂ ਸ਼ੁਰੂਆਤੀ ਪੜਾਅ ਵਿਚ ਬਿਨਾਂ ਸਪੱਸ਼ਟ ਲੱਛਣਾਂ ਦੇ ਵੀ ਮੌਜੂਦ ਹੋ ਸਕਦੀਆਂ ਹਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅੱਖਾਂ ਵਿਚ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਜਾਂ ਆਈ ਡਰਾਪ ਨਾ ਪਾਏ ਜਾਣ। ਜੇਕਰ ਅਚਾਨਕ ਨਜ਼ਰ ਘਟ ਜਾਵੇ, ਅੱਖ ਵਿਚ ਤੇਜ਼ ਦਰਦ ਹੋਵੇ, ਸੱਟ ਲੱਗੇ ਜਾਂ ਅੱਖਾਂ ਅੱਗੇ ਅਚਾਨਕ ਚਮਕਾ ਅਤੇ ਕਾਲੇ ਧੱਬੇ ਦਿਖਾਈ ਦੇਣ ਤਾਂ ਬਿਨਾਂ ਦੇਰੀ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਅੰਤ ਵਿਚ ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਸੰਦੇਸ਼ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ, ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ।ਉਨ੍ਹਾਂ ਕਿਹਾ ਕਿ ਅੱਖਾਂ ਦੀ ਸਿਹਤ ਬਾਰੇ ਜਾਗਰੂਕਤਾ, ਸਮੇਂ ਸਿਰ ਜਾਂਚ ਅਤੇ ਢੁੱਕਵਾਂ ਇਲਾਜ ਨਜ਼ਰ ਦੀ ਸੁਰੱਖਿਆ ਵੱਲ ਅਹਿਮ ਕਦਮ ਹਨ। ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਪਲੱਬਧ ਅੱਖਾਂ ਦੀ ਜਾਂਚ ਅਤੇ ਇਲਾਜ ਸਬੰਧੀ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ।