ਕਾਠਗੜ੍ਹ ’ਚ ਸਾਲਾਨਾ ਕੁਸ਼ਤੀ ਦੰਗਲ ਭਲਕੇ ਕਾਠਗੜ੍ਹ ਵਿਖੇ ਸਲਾਨਾ ਕੁਸ਼ਤੀ ਦੰਗਲ 4 ਨੂੰ
Publish Date: Wed, 02 Sep 2026 05:00 PM (IST)
Updated Date: Wed, 02 Sep 2026 05:04 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਕਾਠਗੜ੍ਹ ਇਲਾਕੇ ਵਿਚ ਧੰਨ ਧੰਨ ਬਾਬਾ ਗੁੱਗਾ ਜਾਹਰ ਵੀਰ ਜੀ ਦੀ ਯਾਦ ਵਿਚ ਸਾਲਾਨਾ ਕੁਸ਼ਤੀ ਦੰਗਲ 4 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੁਸ਼ਤੀ ਦੰਗਲ ਕਸਬਾ ਕਾਠਗੜ੍ਹ ਅਤੇ ਇਲਾਕਾ ਵਾਸੀਆਂ ਅਤੇ ਕਾਠਗੜ੍ਹ ਖੁਰਦ ਦੀ ਪੰਚਾਇਤ ਦੇ ਸਹਿਯੋਗ ਨਾਲ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਅਤੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਅਗਵਾਈ ਵਿਚ ਕਰਵਾਇਆ ਜਾਵੇਗਾ। ਦੰਗਲ ਦੌਰਾਨ ਮੁਕਾਬਲੇ ਸਿਰਫ਼ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦਰਮਿਆਨ ਹੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਣਗੇ। ਮੇਲੇ ਦੇ ਮੁੱਖ ਪ੍ਰਬੰਧਕ ਸਾਈਂ ਕਾਲੇ ਸ਼ਾਹ ਹੋਣਗੇ। ਪ੍ਰਬੰਧਕਾਂ ਵੱਲੋਂ ਜੇਤੂ ਪਹਿਲਵਾਨਾਂ ਲਈ ਸ਼ਾਨਦਾਰ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ। ਝੰਡੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ ਸੋਨਾਲੀਕਾ ਟ੍ਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ ਤਿੰਨ ਸਪੈਸ਼ਲ ਕੁਸ਼ਤੀਆਂ ਦੇ ਜੇਤੂ ਪਹਿਲਵਾਨਾਂ ਨੂੰ ਮੋਟਰਸਾਇਕਲਾਂ ਦੇ ਇਨਾਮ ਦਿੱਤੇ ਜਾਣਗੇ। ਹੋਰਨਾਂ ਪਹਿਲਵਾਨਾਂ ਨੂੰ ਬਣਦਾ ਸਤਿਕਾਰ ਰਾਸ਼ੀ ਦੇ ਰੂਪ ਵਿਚ ਦਿੱਤਾ ਜਾਵੇਗਾ। ਇੱਕ ਵਿਸ਼ੇਸ਼ ਅਤੇ ਅਹਿਮ ਫੈਸਲਾ ਲੈਂਦਿਆਂ ਇਹ ਵੀ ਮਤਾ ਪਾਸ ਕੀਤਾ ਗਿਆ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਸੱਦਾ ਪੱਤਰ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਇਹ ਵਿਸ਼ੇਸ਼ ਚਰਚਾ ਹੋਈ ਹੈ ਕਿ ਪਿਛਲੇ ਸਮੇਂ ਦੌਰਾਨ ਸਿਆਸੀ ਆਗੂਆਂ ਵੱਲੋਂ ਕਾਠਗੜ੍ਹ ਅਤੇ ਹਲਕੇ ਦੇ ਵਿਕਾਸ ਲਈ ਵੱਡੇ-ਵੱਡੇ ਐਲਾਨ ਕੀਤੇ ਗਏ ਸਨ।ਪਰ ਕੋਈ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ। ਜੇਕਰ ਕੋਈ ਸਿਆਸੀ ਨੇਤਾ ਗੁੱਗਾ ਜ਼ਾਹਿਰ ਵੀਰ ਜੀ ਦਾ ਅਸ਼ੀਰਵਾਦ ਲੈਣ ਲਈ ਆਪਣੀ ਮਰਜ਼ੀ ਨਾਲ ਕੁਸ਼ਤੀ ਦੰਗਲ ਵਿਚ ਹਾਜ਼ਰੀ ਭਰਦਾ ਹੈ ਤਾਂ ਉਸ ਦਾ ਬਣਦਾ ਮਾਣ-ਸਤਿਕਾਰ ਜ਼ਰੂਰ ਕੀਤਾ ਜਾਵੇਗਾ। ਪੈਨੀ ਪਹਿਲਵਾਨ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸਾਬਕਾ ਸਰਪੰਚ ਜੋਗਿੰਦਰ ਪਾਲ ਦੱਤ, ਸੁਭਾਸ਼ ਆਨੰਦ ਪ੍ਰਧਾਨ ਆੜਤੀ ਐਸੋਸੀਏਸ਼ਨ ਕਾਠਗੜ੍ਹ, ਸਾਈਂ ਕਾਲੇ ਸ਼ਾਹ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ, ਕਾਮਰੇਡ ਅਵਤਾਰ ਸਿੰਘ ਤਾਰੀ, ਠੇਕੇਦਾਰ ਪ੍ਰਵੀਨ ਚੌਧਰੀ, ਪੰਡਿਤ ਸਤਿੰਦਰ ਸ਼ਰਮਾ, ਨੰਬਰਦਾਰ ਜਸਪਾਲ ਭਾਟੀਆ ਅਤੇ ਹੋਰ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ।