ਪਿੰਡ ਝਿੰਗੜਾਂ ’ਚ ਸਾਲਾਨਾ ਛਿੰਝ ਮੇਲਾ 18 ਨੂੰ ਪਿੰਡ ਝਿੰਗੜਾਂ ਵਿਖੇ ਸਲਾਨਾ ਛਿੰਝ ਮੇਲਾ 18 ਨੂੰ
Publish Date: Thu, 10 Sep 2026 05:25 PM (IST)
Updated Date: Thu, 10 Sep 2026 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਪਿੰਡ ਝਿੰਗੜਾਂ ਵਿਖੇ ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਗੱਦੀ ਦੇ ਵਾਰਸ ਧੰਨ ਧੰਨ ਮਹਾਰਾਜ ਪ੍ਰੀਤਮ ਦਾਸ ਵੱਲੋਂ ਚਲਾਈ ਆ ਰਹੀ ਪੁਰਾਤਨ ਪਰੰਪਰਾ ਨੂੰ ਅੱਗੇ ਤੋਰਦਿਆਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਉਣ ਦਾ ਫੈਸਲਾ ਕੀਤਾ। ਮੀਟਿੰਗ ਦੌਰਾਨ ਪ੍ਰਬੰਧਕਾਂ, ਪਿੰਡ ਵਾਸੀਆਂ ਅਤੇ ਸੰਗਤਾਂ ਵੱਲੋਂ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 17 ਅਤੇ 18 ਸਤੰਬਰ ਨੂੰ ਸਲਾਨਾ ਛਿੰਝ ਮੇਲਾ ਕਰਵਾਇਆ ਜਾਵੇਗਾ। 17 ਸਤੰਬਰ ਨੂੰ ਸ਼ਾਮ 4 ਵਜੇ ਛਿੰਝ ਦਾ ਪਿੜ ਕੱਢਿਆ ਜਾਵੇਗਾ। ਜਦਕਿ 18 ਸਤੰਬਰ ਨੂੰ ਮੁੱਖ ਛਿੰਝ ਮੇਲਾ ਪੂਰੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾਵੇਗਾ। ਮੇਲੇ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਚ ਕੋਟੀ ਦੇ ਨਾਮਵਰ ਪਹਿਲਵਾਨ ਪਹੁੰਚ ਕੇ ਆਪਣੀ ਤਾਕਤ, ਫੁਰਤੀ ਅਤੇ ਕੁਸ਼ਤੀ ਦੇ ਜੌਹਰ ਦਿਖਾਉਣਗੇ। ਇਸ ਮੌਕੇ ਪਿੜ ਵਿਚ ਹੋਣ ਵਾਲੀਆਂ ਖਾਸ ਕਰ ਕੇ ਪਟਕੇ ਦੀ ਕੁਸ਼ਤੀ ਨੂੰ ਲੈ ਕੇ ਪਹਿਲਵਾਨਾਂ ਵਿਚਕਾਰ ਹੋਣ ਵਾਲੇ ਫਸਵੇਂ ਮੁਕਾਬਲੇ ਛਿੰਝ ਮੇਲੇ ਦੀ ਖਿੱਚ ਦਾ ਕੇਂਦਰ ਬਣਨਗੇ। ਪਟਕੇ ਦੀ ਕੁਸ਼ਤੀ ਦੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਤੋਂ ਇਲਾਵਾ ਹੋਰ ਜੇਤੂ ਪਹਿਲਵਾਨਾਂ ਨੂੰ ਵੀ ਪ੍ਰਬੰਧਕਾਂ ਵੱਲੋਂ ਭਾਰੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ, ਅਜੀਤ ਸਿੰਘ ਗੋਸਲ ਅਤੇ ਬਲਵਿੰਦਰ ਸਿੰਘ ਝਿੰਗੜ ਨੇ ਦੱਸਿਆ ਕਿ ਛਿੰਝ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤਾਂ, ਕੁਸ਼ਤੀ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਨੂੰ ਇਸ ਧਾਰਮਿਕ ਤੇ ਵਿਰਾਸਤੀ ਛਿੰਝ ਮੇਲੇ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਅਜੀਤ ਸਿੰਘ ਗੋਸਲ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਗ੍ਰੰਥੀ ਬੁੱਧ ਸਿੰਘ, ਨੰਬਰਦਾਰ ਗੁਰਮੀਤ ਸਿੰਘ, ਸਰਬਣ ਸਿੰਘ, ਮੁਖਤਿਆਰ ਸਿੰਘ, ਬਿਸ਼ਨ ਝਿੰਗੜ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਬਹਾਦਰ ਮਹਿਮੀ ਪੰਚ, ਸੁਰਿੰਦਰ ਸਿੰਘ, ਲਖਵੀਰ ਸਿੰਘ, ਮਨਦੀਪ ਸਿੰਘ, ਦਵਿੰਦਰ ਪਾਲ, ਜੌਡੀਅਰ ਆਦਿ ਹਾਜ਼ਰ ਸਨ।