ਡੀਜੀਸੀ ਵਿਖੇ ਸਾਲਾਨਾ ਟੈਲੇਂਟ ਹੰਟ ਪ੍ਰੋਗਰਾਮ ਟੈਕਨੋ ਵਿਲਾ 2026 ਕਰਵਾਇਆ ਡੀਜੀਸੀ ਵਿਖੇ ਸਾਲਾਨਾ ਟੈਲੇਂਟ ਹੰਟ ਪ੍ਰੋਗਰਾਮ ਟੈਕਨੋ ਵਿਲਾ 2026 ਕਰਵਾਇਆ
Publish Date: Wed, 04 Nov 2026 06:00 PM (IST)
Updated Date: Wed, 04 Nov 2026 06:02 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ ਵਿਖੇ ਸਾਲਾਨਾ ਟੈਲੇਂਟ ਹੰਟ ਪ੍ਰੋਗਰਾਮ ਟੈਕਨੋ ਵਿਲਾ-2026 ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਸੂਝ-ਬੂਝ, ਰਚਨਾਤਮਕਤਾ, ਹੁਨਰ ਅਤੇ ਮੁਕਾਬਲੇ ਦੀ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਛੁਪੀ ਪ੍ਰਤਿਭਾ ਨੂੰ ਨਿਖਾਰਨ ਲਈ ਮੰਚ ਪ੍ਰਦਾਨ ਕਰਨਾ ਸੀ। ਸਮਾਗਮ ਦੌਰਾਨ ਵੱਖ-ਵੱਖ ਤਕਨੀਕੀ ਅਤੇ ਗੈਰ-ਤਕਨੀਕੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਤਕਨੀਕੀ ਮੁਕਾਬਲਿਆਂ ਵਿੱਚ ਟੈਕਨੀਕਲ ਕੁਇਜ਼, ਡੀਬੱਗਿੰਗ, ਲੈਨ ਗੇਮਿੰਗ, ਪੇਪਰ ਪ੍ਰੈਜ਼ੈਂਟੇਸ਼ਨ, ਡਿਬੇਟ, ਮੈਨੇਜਮੈਂਟ ਕੁਇਜ਼, ਕੋਡ-ਏ-ਥੌਨ, ਗਰੁੱਪ ਡਿਸਕਸ਼ਨ, ਟ੍ਰੈਜ਼ਰ ਹੰਟ, ਪਜ਼ਲ ਗੇਮ, ਸ਼ਤਰੰਜ, ਮਾਈਨਕ੍ਰਾਫਟ, ਸਰਕਟ ਡੀਬੱਗਿੰਗ ਅਤੇ ਮੈਥ ਹੈਕ ਆਦਿ ਸ਼ਾਮਲ ਰਹੇ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਜਾਣਕਾਰੀ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਗੈਰ-ਤਕਨੀਕੀ ਮੁਕਾਬਲਿਆਂ ਵਿੱਚ ਮਹਿੰਦੀ, ਮਿਊਜ਼ੀਕਲ ਚੇਅਰਜ਼, ਫਾਸਟ ਈਟਿੰਗ, ਰੰਗੋਲੀ, ਬਾਂਹ-ਕੁਸ਼ਤੀ, ਹਿੱਟ ਵਿਕਟ, ਪੇਪਰ ਟੀਅਰ ਗੇਮ, ਗੁਬਾਰੇ ਫੁਲਾਉਣ ਅਤੇ ਬਿਨਾਂ ਚਿਹਰੇ ਦੇ ਹਾਵ-ਭਾਵ ਬਦਲੇ ਨਿੰਬੂ ਖਾਣ ਵਰਗੀਆਂ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਮੁਕਾਬਲਿਆਂ ਨੇ ਵਿਦਿਆਰਥੀਆਂ ਵਿੱਚ ਖ਼ਾਸਾ ਉਤਸ਼ਾਹ ਭਰਿਆ ਅਤੇ ਕੈਂਪਸ ਵਿੱਚ ਰੌਣਕ ਵਾਲਾ ਮਾਹੌਲ ਬਣਿਆ ਰਿਹਾ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਵੱਖ-ਵੱਖ ਦੋਆਬਾ ਹਾਊਸਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀ ਅਤੇ ਮੇਲੇ ਦੀਆਂ ਸਟਾਲਾਂ ਰਹੀਆਂ। ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਵਸਤਾਂ ਅਤੇ ਮਨੋਰੰਜਕ ਖੇਡਾਂ ਦੀਆਂ ਸਟਾਲਾਂ ਲਗਾ ਕੇ ਆਪਣੀ ਟੀਮ ਵਰਕ, ਮਾਰਕੀਟਿੰਗ ਅਤੇ ਉੱਦਮੀ ਯੋਗਤਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸਟਾਲਾਂ ਨੇ ਸਮਾਗਮ ਨੂੰ ਹੋਰ ਵੀ ਦਿਲਚਸਪ ਬਣਾਇਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮ ਆਤਮ-ਵਿਸ਼ਵਾਸ, ਅਗਵਾਈ ਦੇ ਗੁਣਾਂ ਅਤੇ ਰਚਨਾਤਮਕਤਾ ਨੂੰ ਵਿਕਸਿਤ ਕਰਨ ਵਿੱਚ ਸਹਾਈ ਹੁੰਦੇ ਹਨ। ਕਾਲਜ ਦੀ ਪ੍ਰਿੰਸੀਪਲ ਡਾ. ਖੁਸ਼ਨੀਤ ਕੌਰ ਬਾਠ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਸਮਰਪਿਤ ਰਹਿਣ ਅਤੇ ਆਪਣੇ ਕਰੀਅਰ ਦੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਨੇ ਸਮਾਗਮ ਦੀ ਸਫ਼ਲਤਾ ਲਈ ਫੈਕਲਟੀ ਮੈਂਬਰਾਂ, ਪ੍ਰਬੰਧਕੀ ਕਮੇਟੀਆਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਅਤੇ ਪੇਸ਼ੇਵਰ ਹੁਨਰ ਦੇਣ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੀਆਂ ਹਨ।