- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪੋਲੋ ਸਕੂਲ ਵਿਖੇ ਸਲਾਨਾ ਧਾਰਮਿਕ ਪ੍ਰੀਖਿਆ ਕਰਵਾਈ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਗੁਰਮਤਿ ਫ਼ਲਸਫ਼ੇ, ਸਿੱਖ ਰਹਿਤ ਮਰਯਾਦਾ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦੇ ਉਦੇਸ਼ ਨਾਲ ਸਲਾਨਾ ਧਾਰਮਿਕ ਪ੍ਰੀਖਿਆ ਦਾ ਆਯੋਜਨ ਅਪੋਲੋ ਸਟਾਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਫਲਤਾਪੂਰਵਕ ਕਰਵਾਇਆ। ਇਸ ਸਕੂਲ ਦੇ 60 ਵਿਦਿਆਰਥੀਆਂ ਨੇ ਵੀ ਇਸ ਪ੍ਰੀਖਿਆ ਵਿੱਚ ਹਿੱਸਾ ਲੈ ਕੇ ਆਪਣੀ ਹਾਜ਼ਰੀ ਯਕੀਨੀ ਬਣਾਈ। ਪ੍ਰੀਖਿਆ ਅਧਿਆਪਕਾ ਕਮਲਜੀਤ ਕੌਰ ਕੰਗ, ਇੰਜੀਨੀਅਰ ਗਗਨਦੀਪ ਕੌਰ ਅਤੇ ਅਧਿਆਪਕਾ ਕਿਰਨਜੀਤ ਕੌਰ ਦੀ ਸੁਚੱਜੀ ਵਿਵਸਥਾ ਅਤੇ ਸਖ਼ਤ ਨਿਗਰਾਨੀ ਹੇਠ ਬਹੁਤ ਹੀ ਸੁਚਾਰੂ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਦੇ ਜ਼ੋਨਲ ਆਰਗੇਨਾਈਜ਼ਰ ਅਤੇ ਸੁਪਰਡੈਂਟ ਪਰਮਿੰਦਰ ਸਿੰਘ ਸ਼ੇਖੂਪੁਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਸਕੂਲ ਦੇ ਚੇਅਰਮੈਨ ਵਿਲੀਅਮ ਕਪੂਰ, ਪ੍ਰਿੰਸੀਪਲ ਨੀਲਮ ਸ਼ਰਮਾ, ਡਾਇਰੈਕਟਰ ਗੁਰਮੀਤ ਸਿੰਘ, ਮੈਨੇਜਰ ਓਮ ਪ੍ਰਕਾਸ਼ ਸ਼ਰਮਾ ਅਤੇ ਸਮੂਹ ਸਟਾਫ਼ ਵੱਲੋਂ ਇਸ ਧਾਰਮਿਕ ਉਪਰਾਲੇ ਪ੍ਰਤੀ ਵਿਸ਼ੇਸ਼ ਉਤਸ਼ਾਹ ਅਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਅਤੇ ਵਿੱਦਿਅਕ ਸਰਗਰਮੀਆਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ, ਗੌਰਵਮਈ ਸਿੱਖ ਇਤਿਹਾਸ ਅਤੇ ਉੱਚ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰੀਖਿਆਵਾਂ ਅਤੇ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦਾ ਭਰੋਸਾ ਦਿੱਤਾ। ਸਕੂਲ ਪ੍ਰਬੰਧਕਾਂ ਵੱਲੋਂ ਇਸ ਨੇਕ ਉਪਰਾਲੇ ਲਈ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।