ਸ੍ਰੀ ਬਾਬਾ ਬਲਰਾਜ ਜੀ ਦਾ ਸਲਾਨਾ ਛਿੰਝ ਮੇਲਾ ਸੰਪੰਨ ਸ੍ਰੀ ਬਾਬਾ ਬਲਰਾਜ ਜੀ ਦਾ ਸਲਾਨਾ ਛਿੰਝ ਮੇਲਾ ਸੰਪੰਨ
Publish Date: Tue, 10 Nov 2026 05:33 PM (IST)
Updated Date: Tue, 10 Nov 2026 05:36 PM (IST)
ਜਗਤਾਰ ਮਹਿੰਦੀਪੁਰੀਆ ਪੰਜਾਬੀ ਜਾਗਰਣ ਬਲਾਚੌਰ : ਧਾਰਮਿਕ ਅਸਥਾਨ ਸ੍ਰੀ ਬਾਬਾ ਬਲਰਾਜ ਜੀ ਦਾ ਸਾਲਾਨਾ ਪ੍ਰਸਿੱਧ ਛਿੰਝ ਮੇਲਾ ਧੂਮਧਾਮ, ਧਾਰਮਿਕ ਸ਼ਰਧਾ ਅਤੇ ਅਪਾਰ ਉਤਸ਼ਾਹ ਨਾਲ ਮਨਾਇਆ। ਇਸ ਦੰਗਲ ਵਿਚ ਨਾਮਵਰ ਪਹਿਲਵਾਨਾਂ ਨੇ ਆਪਣੀ ਸ਼ਰੀਰਕ ਤਾਕਤ, ਫੁਰਤੀ ਅਤੇ ਕੁਸ਼ਤੀ ਦੇ ਸ਼ਾਨਦਾਰ ਦਾਅ-ਪੇਚ ਦਿਖਾ ਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਅਖਾੜੇ ਵਿਚ ਮੌਜੂਦ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਤਾੜੀਆਂ ਅਤੇ ਜੈਕਾਰਿਆਂ ਨਾਲ ਪਹਿਲਵਾਨਾਂ ਦਾ ਹੌਸਲਾ ਵਧਾਇਆ। ਸਭ ਤੋਂ ਵੱਡੀ ਝੰਡੀ ਦਾ ਮੁਕਾਬਲਾ ਦਿਨੇਸ਼ ਗੁਲੀਆ ਅਤੇ ਸ਼ਾਨਵੀਰ ਕੋਹਾਲੀ ਦਰਮਿਆਨ ਹੋਇਆ।।ਜਿਸ ਚ ਦਿਨੇਸ਼ ਗੁਲੀਆ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਮਹਿੰਦਰਾ ਟਰੈਕਟਰ ਆਪਣੇ ਨਾਮ ਕੀਤਾ। ਦੂਜੀ ਝੰਡੀ ਦੀ ਕੁਸ਼ਤੀ ਸ਼ੇਰਾ ਗੁੱਜਰ ਅਤੇ ਸ਼ਾਨੀ ਮਹਾਲੀ ਵਿਚਕਾਰ ਹੋਈ। ਜਿਸ ਵਿਚ ਸ਼ੇਰਾ ਗੁੱਜਰ ਨੇ ਜਿੱਤ ਹਾਸਲ ਕਰਕੇ ਜੀਪ ਇਨਾਮ ਵਜੋਂ ਪ੍ਰਾਪਤ ਕੀਤੀ। ਤੀਜੀ ਝੰਡੀ ਦੀ 1 ਲੱਖ ਰੁਪਏ ਇਨਾਮੀ ਰਾਸ਼ੀ ਵਾਲੀ ਕੁਸ਼ਤੀ ਛੋਟਾ ਸਤਨਾਮ ਅਤੇ ਨਰਿੰਦਰ ਖੰਨਾ ਦਰਮਿਆਨ ਖੇਡੀ। ਜਿਸ ਵਿਚ ਛੋਟਾ ਸਤਨਾਮ ਨੇ ਬਹਿਤਰੀਨ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਮੇਲੇ ਦੌਰਾਨ ਲੋਕਾਂ ਦੀ ਭਾਰੀ ਆਮਦ ਨੂੰ ਮੁੱਖ ਰੱਖਦਿਆਂ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਵੀ ਪੁਖ਼ਤਾ ਪ੍ਰਬੰਧ ਕੀਤੇ ਸਨ। ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਮੁੱਖ ਰਸਤਿਆਂ ਤੇ ਵਾਹਨਾਂ ਦੀ ਨੋ-ਐਂਟਰੀ ਲਾਗੂ ਕੀਤੀ। ਇਹ ਸਮਾਗਮ ਨਗਰ ਕੌਂਸਲ ਦੇ ਪ੍ਰਧਾਨ ਲਾਡੀ ਰਾਣਾ ਅਤੇ ਸ੍ਰੀ ਬਾਬਾ ਬਲਰਾਜ ਜੀ ਮੇਲਾ ਕਮੇਟੀ ਦੇ ਸਮੂਹ ਮੈਂਬਰਾਂ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ ਸਟੇਟ ਜੁਆਇੰਟ ਸੈਕਟਰੀ ਆਪ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਵਿਜੇ ਭਾਟੀਆ ਆਗੂ ਭਾਜਪਾ, ਜਸਵਿੰਦਰ ਵਿੱਕੀ ਕਾਠਗੜ੍ਹ ਕਾਂਗਰਸੀ ਆਗੂ, ਵਿਰਸੇ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਸ਼੍ਰੀ ਬਾਬਾ ਬਲਰਾਜ ਦਾ ਇਹ ਛਿੰਝ ਮੇਲਾ ਸਿਰਫ਼ ਕੁਸ਼ਤੀ ਮੁਕਾਬਲਿਆਂ ਤੱਕ ਹੀ ਸੀਮਤ ਨਹੀਂ ਹੈ। ਸਗੋਂ ਇਹ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ, ਧਾਰਮਿਕ ਸ਼ਰਧਾ, ਆਪਸੀ ਭਾਈਚਾਰਕ ਸਾਂਝ ਅਤੇ ਪਰੰਪਰਾਗਤ ਖੇਡਾਂ ਨੂੰ ਸੰਭਾਲਣ ਦਾ ਇੱਕ ਵੱਡਾ ਉਪਰਾਲਾ ਹੈ। ਇਹ ਮੇਲਾ ਹਰ ਸਾਲ ਬਲਾਚੌਰ ਦੀ ਵਿਲੱਖਣ ਪਛਾਣ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਖੇਡਾਂ ਅਤੇ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।