ਮੰਦਿਰ ਬਾਬਾ ਸ਼ਹੀਦ ਵਿਖੇ ਸਾਲਾਨਾ ਭੰਡਾਰਾ ਅੱਜ ਤੇ ਕੱਲ੍ਹ ਮੰਦਿਰ ਬਾਬਾ ਸ਼ਹੀਦ ਵਿਖੇ ਸਾਲਾਨਾ ਭੰਡਾਰਾ ਅੱਜ ਤੇ ਕੱਲ੍ਹ
Publish Date: Fri, 11 Sep 2026 06:43 PM (IST)
Updated Date: Fri, 11 Sep 2026 06:43 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਜਵਾਹਰ ਨਵੋਦਿਆ ਵਿਦਿਆਲਾ ਦੇ ਨੇੜੇ ਸਥਿਤ ਮੰਦਿਰ ਬਾਬਾ ਸ਼ਹੀਦ ਵਿਖੇ ਸਾਲਾਨਾ ਭੰਡਾਰਾ 12 ਅਤੇ 13 ਸਤੰਬਰ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਨੂੰ ਲੈ ਕੇ ਮੰਦਿਰ ਬਾਬਾ ਸ਼ਹੀਦ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੰਦਿਰ ਬਾਬਾ ਸ਼ਹੀਦ ਦਾ ਸੰਬੰਧ 29 ਮਾਰਚ 1968 ਨੂੰ ਵਾਪਰੇ ਇੱਕ ਹਵਾਈ ਜਹਾਜ਼ ਹਾਦਸੇ ਨਾਲ ਹੈ। ਜਾਣਕਾਰੀ ਅਨੁਸਾਰ ਇਸ ਸਥਾਨ ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਉਸ ਸਮੇਂ ਜਹਾਜ਼ ਉਡਾ ਰਹੇ ਪਾਇਲਟ ਅਫਸਰ ਅਲਫਰੈਡ ਐਨਟੋਨੀ ਅਲਮੀਡੀਆ ਨੇ ਤਕਨੀਕੀ ਖਰਾਬੀ ਕਾਰਨ ਜਹਾਜ਼ ਤੇ ਕਾਬੂ ਨਾ ਰਹਿਣ ਦੇ ਬਾਵਜੂਦ ਵਸੋਂ ਵਾਲੇ ਇਲਾਕੇ ਨੂੰ ਬਚਾਉਣ ਲਈ ਜਹਾਜ਼ ਨੂੰ ਅਬਾਦੀ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਇਸ ਬਹਾਦਰੀ ਅਤੇ ਕੁਰਬਾਨੀ ਦੀ ਯਾਦ ਵਿਚ ਇਹ ਸਥਾਨ ਮੰਦਿਰ ਬਾਬਾ ਸ਼ਹੀਦ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਲਾਕੇ ਦੇ ਲੋਕਾਂ ਵਿਚ ਇਸ ਸਥਾਨ ਪ੍ਰਤੀ ਵਿਸ਼ੇਸ਼ ਸ਼ਰਧਾ ਹੈ।।ਸਥਾਨਕ ਲੋਕਾਂ ਤੋਂ ਇਲਾਵਾ ਇੱਥੋਂ ਲੰਘਣ ਵਾਲੇ ਕਈ ਸ਼ਰਧਾਲੂ ਵੀ ਮੰਦਿਰ ਵਿਖੇ ਨਤਮਸਤਕ ਹੁੰਦੇ ਹਨ ਅਤੇ ਆਪਣੀ ਯਾਤਰਾ ਤੋਂ ਪਹਿਲਾਂ ਸ਼ਹੀਦ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਹਨ। ਲੋਕ ਹਰ ਸਾਲ ਇੱਥੇ ਹੋਣ ਵਾਲੇ ਭੰਡਾਰੇ ਵਿਚ ਸ਼ਾਮਲ ਹੋ ਕੇ ਪਾਇਲਟ ਅਫਸਰ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਮੰਦਿਰ ਕਮੇਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 12 ਸਤੰਬਰ ਨੂੰ ਰਮਾਇਣ ਪਾਠ ਕਰਵਾਇਆ ਜਾਵੇਗਾ। 13 ਸਤੰਬਰ ਨੂੰ ਸਵੇਰੇ 10 ਵਜੇ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ। ਇਸ ਮੌਕੇ ਦੁਪਹਿਰ 12 ਵਜੇ ਸੱਭਿਆਚਾਰਕ ਗਾਇਕ ਗੁਰੀ ਧਾਰੀਵਾਲ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਮਾਗਮ ਦੌਰਾਨ ਇਲਾਕੇ ਭਰ ਤੋਂ ਪਹੁੰਚਣ ਵਾਲੀ ਸੰਗਤ ਲਈ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਕਮੇਟੀ ਨੇ ਦੱਸਿਆ ਕਿ ਇਹ ਸਾਲਾਨਾ ਭੰਡਾਰਾ ਹਰ ਸਾਲ ਮੰਦਿਰ ਕਮੇਟੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਸਿਜਦਾ ਕਰਨ ਪਹੁੰਚਦੀ ਹੈ। ਮੰਦਿਰ ਬਾਬਾ ਸ਼ਹੀਦ ਕਮੇਟੀ ਵੱਲੋਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਧਾਰਮਿਕ ਅਤੇ ਸ਼ਰਧਾ ਭਰੇ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਸ਼ਹੀਦ ਬਾਬਾ ਜੀ ਨੂੰ ਨਤਮਸਤਕ ਹੋਣ ਅਤੇ ਲੰਗਰ ਦੀ ਸੇਵਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।