ਤੜਕਸਾਰ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਕੁਚਲਿਆ ਤੜਕਸਾਰ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਕੁਚਲਿਆ
Publish Date: Tue, 15 Sep 2026 05:59 PM (IST)
Updated Date: Tue, 15 Sep 2026 06:02 PM (IST)
- ਮੌਕੇ ’ਤੇ ਹੋਈ ਦਰਦਨਾਕ ਮੌਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਨਵਾਂਸ਼ਹਿਰ-ਫਿਲੌਰ ਮੁੱਖ ਮਾਰਗ ’ਤੇ ਪਿੰਡ ਸੋਢੀਆਂ ਨੇੜੇ ਤੜਕਸਾਰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਬੀਰ ਰਾਮ ਪੁੱਤਰ ਗੁਰਮੀਤ ਰਾਮ ਵਾਸੀ ਮੀਰਪੁਰ ਲੱਖਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਮੀਰਪੁਰ ਲੱਖਾ ਦੇ ਪੰਚ ਨਛੱਤਰ ਮਸੀਹ ਨੇ ਦੱਸਿਆ ਕਿ ਲਖਬੀਰ ਰਾਮ ਪਿਛਲੇ ਕਰੀਬ 12-13 ਸਾਲਾਂ ਤੋਂ ਪਿੰਡ ਮੁਬਾਰਕਪੁਰ ਵਿਖੇ ਰਹਿ ਰਿਹਾ ਸੀ। ਬੀਤੀ ਰਾਤ ਉਹ ਆਪਣੀ ਪਤਨੀ ਅਤੇ ਛੋਟੀ ਬੱਚੀ ਸਮੇਤ ਔੜ ਵਿਖੇ ਆਪਣੇ ਸਹੁਰੇ ਘਰ ਆਇਆ ਸੀ। ਅੱਜ ਸਵੇਰੇ ਕਰੀਬ ਸਵਾ ਪੰਜ ਵਜੇ ਉਹ ਹਲਵਾਈ ਦਾ ਕੰਮ ਕਰਨ ਲਈ ਮੋਟਰਸਾਈਕਲ ’ਤੇ ਔੜ ਤੋਂ ਨਵਾਂਸ਼ਹਿਰ ਵੱਲ ਜਾ ਰਿਹਾ ਸੀ। ਉੁਨ੍ਹਾਂ ਦੱਸਿਆ ਕਿ ਕਰੀਬ ਸਾਢੇ ਪੰਜ ਵਜੇ ਜਦੋਂ ਲਖਬੀਰ ਰਾਮ ਪਿੰਡ ਸੋਢੀਆਂ ਨੇੜੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਲਖਬੀਰ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸੜਕ ਤੋਂ ਲੰਘ ਰਹੇ ਅਤੇ ਸੈਰ ਕਰ ਰਹੇ ਕੁਝ ਵਿਅਕਤੀਆਂ ਨੇ ਘਟਨਾ ਸਬੰਧੀ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਪਿੰਡ ਦਾ ਇੱਕ ਨੌਜਵਾਨ ਸੜਕ ’ਤੇ ਬੇਹੋਸ਼ ਹਾਲਤ ਵਿਚ ਪਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਔੜ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਾਦਸੇ ਵਾਲੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਦਸੇ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਾਹਨ ਦੀ ਪਛਾਣ ਕਰ ਕੇ ਉਸ ਦੇ ਚਾਲਕ ਤੱਕ ਪਹੁੰਚਿਆ ਜਾ ਸਕੇ। ਇਸ ਦਰਦਨਾਕ ਹਾਦਸੇ ਨੇ ਮ੍ਰਿਤਕ ਦੇ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਡੋਬ ਦਿੱਤਾ ਹੈ। ਲਖਬੀਰ ਰਾਮ ਆਪਣੇ ਪਿੱਛੇ ਪਤਨੀ ਅਤੇ ਇੱਕ ਛੋਟੀ ਬੱਚੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਹਾਦਸੇ ਲਈ ਜ਼ਿੰਮੇਵਾਰ ਵਾਹਨ ਅਤੇ ਚਾਲਕ ਦਾ ਪਤਾ ਲਗਾ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।