ਯਾਦਗਾਰੀ ਹੋ ਨਿੱਬੜਿਆ ‘ਇੱਕ ਸ਼ਾਮ ਸੰਗੀਤ ਦੇ ਨਾਮ’ ਸਮਾਗਮ ਯਾਦਗਾਰੀ ਹੋ ਨਿਬੜਿਆ 'ਇੱਕ ਸ਼ਾਮ ਸੰਗੀਤ ਦੇ ਨਾਮ' ਸਮਾਗਮ
Publish Date: Sun, 25 Oct 2026 05:16 PM (IST)
Updated Date: Sun, 25 Oct 2026 05:19 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗਰਚਾ ਮਿਊਜ਼ਿਕ ਇੰਸਟੀਚਿਊਟ ਵੱਲੋਂ ਇਕ ਰੈਸਟੋਰੈਂਟ ਵਿਖੇ ‘ਇੱਕ ਸ਼ਾਮ ਸੰਗੀਤ ਦੇ ਨਾਮ’ ਸਿਰਲੇਖ ਹੇਠ ਸੰਗੀਤਕ ਸਮਾਗਮ ਕਰਵਾਇਆ। ਇਹ ਸਮਾਗਮ ਮਰਹੂਮ ਉਸਤਾਦ ਜੋਗਾ ਸਿੰਘ ਗਰਚਾ ਦੀ ਯਾਦ ਨੂੰ ਸਮਰਪਿਤ ਸੀ ਅਤੇ ਗਰਚਾ ਪਰਿਵਾਰ ਵੱਲੋਂ ਆਪਣੇ ਪੋਤਰੇ ਸਵਰਦੀਪ ਗਰਚਾ ਦੇ ਜਨਮ ਦੀ ਖ਼ੁਸ਼ੀ ਵਿਚ ਵੀ ਕਰਵਾਇਆ। ਇਸ ਮੌਕੇ ਸੰਗੀਤ, ਸਤਿਕਾਰ ਅਤੇ ਪਰਿਵਾਰਕ ਖ਼ੁਸ਼ੀਆਂ ਦਾ ਸੁਮੇਲ ਦੇਖਣ ਨੂੰ ਮਿਲਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪਰਸਤ ਕੁਲਵਿੰਦਰ ਸਿੰਘ ਭਾਰਟਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ਾਨ ਵਧਾਈ। ਇਸ ਮੌਕੇ ਪੁਲਿਸ ਥਾਣਾ ਸਦਰ ਦੇ ਐੱਸਐੱਚਓ ਵਰਿੰਦਰ ਕੁਮਾਰ ਨੇ ਪ੍ਰਧਾਨਗੀ ਦੀ ਰਸਮ ਨਿਭਾਈ। ਡੀਐੱਸਪੀ ਪੰਕਜ ਸ਼ਰਮਾ ਨੇ ਵੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਇਸ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਸ ਮੌਕੇ ਡਾ. ਕਰਨ ਅਰੋੜਾ, ਡਾ. ਮਹਿਕ ਅਰੋੜਾ, ਡਾ. ਵਰਿੰਦਰ ਪਾਲ ਸਿੱਧੂ, ਆਰਜੇ ਪੂਜਾ ਤੋਹਾਨੀ, ਦਿਨੇਸ਼ ਸੂਰੀ, ਐਕਸਾਈਜ਼ ਇੰਸਪੈਕਟਰ ਨਰਿੰਦਰ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਨਾਲ ਕੀਤੀ। ਇਸ ਰਸਮ ਵਿਚ ਨੰਨ੍ਹੇ ਸਵਰਦੀਪ ਗਰਚਾ ਸਮੇਤ ਸਮੂਹ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸੰਗੀਤਕ ਵੰਨਗੀਆਂ ਰਹੀਆਂ। ਵਿਦਿਆਰਥੀਆਂ ਨੇ ਆਪਣੀ ਮਿਹਨਤ, ਸੁਰਾਂ ਦੀ ਪਕੜ ਅਤੇ ਦਿਲਕਸ਼ ਗਾਇਕੀ ਨਾਲ ਹਾਜ਼ਰ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਮਨਪ੍ਰੀਤ ਕੌਰ, ਰਾਜਦੀਪ ਕੌਰ, ਅਲੀ ਅਹਿਮਦ, ਪਲਕ, ਰਮਨਪ੍ਰੀਤ, ਦਾਨਿਸ਼ ਅਰੋੜਾ, ਦਿਸ਼ਾਂਤ ਧੀਰ, ਅਰਮਾਨ ਅਤੇ ਪ੍ਰਭਜੋਤ ਸੁਮਨ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਮਾਗਮ ਨੂੰ ਸੰਗੀਤਕ ਰੰਗਾਂ ਨਾਲ ਭਰ ਦਿੱਤਾ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਦੀ ਕਲਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਗਗਨਦੀਪ ਗਰਚਾ ਨੇ ਕਿਹਾ ਕਿ ਇਹ ਸਮਾਗਮ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਭਾਵਨਾਤਮਕ ਅਤੇ ਖ਼ਾਸ ਮਹੱਤਵ ਰੱਖਦਾ ਹੈ। ਇੱਕ ਪਾਸੇ ਉਹ ਆਪਣੇ ਸਤਿਕਾਰਯੋਗ ਉਸਤਾਦ ਜੋਗਾ ਸਿੰਘ ਗਰਚਾ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਰਿਵਾਰ ਵਿਚ ਨਵੇਂ ਜੀਅ ਦੇ ਆਉਣ ਦੀ ਖ਼ੁਸ਼ੀ ਵੀ ਸਾਂਝੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗੀਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਭਾਵਨਾਵਾਂ, ਵਿਰਸੇ ਅਤੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਪਹੁੰਚੇ ਸਮੂਹ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ, ਸਹਿਯੋਗੀਆਂ ਅਤੇ ਸੰਗੀਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤਰ੍ਹਾਂ ਇੱਕ ਸ਼ਾਮ ਸੰਗੀਤ ਦੇ ਨਾਮ ਸਮਾਗਮ ਸੰਗੀਤਕ ਪੇਸ਼ਕਾਰੀਆਂ, ਮਹਿਮਾਨਾਂ ਦੇ ਸਨਮਾਨ, ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਤੇ ਪਰਿਵਾਰਕ ਖ਼ੁਸ਼ੀਆਂ ਦੀਆਂ ਯਾਦਾਂ ਨਾਲ ਯਾਦਗਾਰੀ ਹੋ ਨਿੱਬੜਿਆ।