- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬੀਕਾ ਵਿਖੇ ਕੁਦਰਤੀ ਖੇਤੀ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈਸੀਏਆਰ-ਅਟਾਰੀ ਜ਼ੋਨ-1 ਦੀ ਸਰਪ੍ਰਸਤੀ ਹੇਠ ਡਾ. ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਦੀ ਅਗਵਾਈ ਵਿਚ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਲੰਗੜੋਆ ਵੱਲੋਂ ਪਿੰਡ ਬੀਕਾ ਵਿਖੇ ਕਿਸਾਨਾਂ ਲਈ ਇੱਕ ਰੋਜ਼ਾ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ। ਜਿਸ ਦਾ ਮੁੱਖ ਉਦੇਸ਼ ਕੁਦਰਤੀ ਖੇਤੀ, ਫ਼ਸਲਾਂ ਦੀ ਸੁਰੱਖਿਆ ਅਤੇ ਪਸ਼ੂ ਪਾਲਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ। ਇਸ ਮੌਕੇ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਡਾ. ਬਲਜੀਤ ਸਿੰਘ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਧਿਆਨ ਦੇਣ ਲਈ ਪ੍ਰੇਰਿਆ ਅਤੇ ਬੀਜ ਅੰਮ੍ਰਿਤ ਅਤੇ ਜੀਵ ਅੰਮ੍ਰਿਤ ਬਣਾਉਣ ਅਤੇ ਇਨ੍ਹਾਂ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਫ਼ਸਲਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਲਈ ਰੋਕਥਾਮ ਦੇ ਕੁਦਰਤੀ ਤਰੀਕਿਆਂ ਜਿਵੇਂ ਕਿ ਬ੍ਰਹਮ ਅਸਤਰ ਅਤੇ ਅਗਨੀ ਅਸਤਰ ਬਣਾਉਣ ਬਾਰੇ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਤੇਜਬੀਰ ਸਿੰਘ ਨੇ ਕੁਦਰਤੀ ਖੇਤੀ ਫਾਰਮ ਤੇ ਦੇਸੀ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹੇ ਵਿਚ ਲੰਪੀ ਸਕਿਨ ਬਿਮਾਰੀ ਦੇ ਸਾਹਮਣੇ ਆ ਰਹੇ ਮਾਮਲਿਆਂ ਦੇ ਮੱਦੇਨਜ਼ਰ, ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਅਤੇ ਹਦਾਇਤ ਕੀਤੀ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤਮੰਦ ਪਸ਼ੂਆਂ ਦਾ ਤੁਰੰਤ ਟੀਕਾਕਰਨ ਕਰਵਾਇਆ ਜਾਵੇ। ਪੂਰੇ ਸੈਸ਼ਨ ਦੌਰਾਨ ਮਾਹਿਰਾਂ ਨੇ ਕਿਸਾਨਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ, ਸੁਰੱਖਿਅਤ ਖੇਤੀ ਅਭਿਆਸਾਂ ਅਤੇ ਪਸ਼ੂ ਪਾਲਣ ਬਾਰੇ ਵਿਹਾਰਕ ਤੇ ਮਹੱਤਵ ਪੂਰਨ ਸੇਧ ਪ੍ਰਦਾਨ ਕਰਦਿਆਂ ਕੈਂਪ ਨੂੰ ਸਫਲਤਾ ਪੂਰਵਕ ਸੰਪੰਨ ਕੀਤਾ।