ਸਕੂਲ ’ਚ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਸੈਸ਼ਨ ਕਰਵਾਇਆ ਸਕੂਲ 'ਚ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਸੈਸ਼ਨ ਕਰਵਾਇਆ
Publish Date: Tue, 08 Sep 2026 03:30 PM (IST)
Updated Date: Tue, 08 Sep 2026 03:31 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਐੱਮਆਰ ਸਿਟੀ ਪਬਲਿਕ ਸਕੂਲ ਬਲਾਚੌਰ ਵਿਖੇ ਵਿਦਿਆਰਥੀਆਂ ਨੂੰ ਬੱਚਿਆਂ ਦੀ ਸੁਰੱਖਿਆ, ਅਧਿਕਾਰਾਂ, ਸੜਕ ਸੁਰੱਖਿਆ ਅਤੇ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਸੈਸ਼ਨ ਕਰਵਾਇਆ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜਾਗਰੂਕ, ਸਾਵਧਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਸੀ। ਸੈਸ਼ਨ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਦਫ਼ਤਰ ਤੋਂ ਕੋਮਲ ਆਪਣੀ ਟੀਮ ਸਮੇਤ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਨੂੰ ਬਾਲ ਸੁਰੱਖਿਆ ਨਾਲ ਸਬੰਧਤ ਮਹੱਤਵ ਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਉਪਲਬਧ ਹੈਲਪਲਾਈਨ ਸੇਵਾਵਾਂ, ਮੁਸ਼ਕਿਲ ਜਾਂ ਅਸੁਰੱਖਿਅਤ ਸਥਿਤੀ ਵਿਚ ਮਦਦ ਲੈਣ ਦੇ ਤਰੀਕਿਆਂ ਅਤੇ ਆਪਣੇ ਅਧਿਕਾਰਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਦੇ ਨਾਲ ਹੀ ਪੋਕਸੋ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਅਸੁਰੱਖਿਅਤ ਸਥਿਤੀਆਂ ਦੀ ਪਛਾਣ ਕਰਨ ਅਤੇ ਲੋੜ ਪੈਣ ’ਤੇ ਹਿੰਮਤ ਅਤੇ ਜਾਗਰੂਕਤਾ ਨਾਲ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ। ਸੈਸ਼ਨ ਦੇ ਦੂਜੇ ਪੜਾਅ ਵਿਚ ਪਰਵੀਨ ਕੁਮਾਰ ਐੱਸਆਈ ਟ੍ਰੈਫਿਕ ਸੈੱਲ ਅਤੇ ਜੋਗਿੰਦਰ ਪਾਲ ਏਐੱਸਆਈ ਬਲਾਚੌਰ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ, ਟ੍ਰੈਫਿਕ ਨਿਯਮਾਂ ਅਤੇ ਜ਼ਿੰਮੇਵਾਰ ਡਰਾਈਵਿੰਗ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਆਪਣੇ ਅਸਲ ਜੀਵਨ ਦੇ ਤਜ਼ਰਬੇ ਅਤੇ ਵਿਹਾਰਕ ਉਦਾਹਰਨਾਂ ਸਾਂਝੀਆਂ ਕਰਦਿਆਂ ਵਿਦਿਆਰਥੀਆਂ ਨੂੰ ਸੜਕ ’ਤੇ ਸਾਵਧਾਨ ਰਹਿਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਸ਼ੇ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰ. ਰਿੱਤੂ ਬਤਰਾ ਨੇ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਗਿਆਨ ਪ੍ਰਾਪਤ ਕਰਨਾ ਹੀ ਨਹੀਂ, ਬਲਕਿ ਵਿਦਿਆਰਥੀਆਂ ਨੂੰ ਸਮਝਦਾਰ, ਸੁਰੱਖਿਅਤ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਬਾਲ ਸੁਰੱਖਿਆ ਟੀਮ ਅਤੇ ਟ੍ਰੈਫਿਕ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਜਾਗਰੂਕਤਾ ਸਾਡੀ ਆਦਤ ਬਣ ਜਾਂਦੀ ਹੈ ਤਾਂ ਸੁਰੱਖਿਆ ਸਾਡੀ ਜੀਵਨਸ਼ੈਲੀ ਬਣ ਜਾਂਦੀ ਹੈ।