- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਜੋਂ ਵਿਖੇ ਆਲ ਓਪਨ ਕਬੱਡੀ ਟੂਰਨਾਮੈਂਟ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੱਜੋਂ ਵੱਲੋਂ ਖੇਡ ਪ੍ਰਮੋਟਰ ਅਤੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਦੀਪਾ ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਬੱਜੋਂ ਵਿਖੇ ਆਲ ਓਪਨ ਕਬੱਡੀ ਮੁਕਾਬਲੇ ਕਰਵਾਏ। ਇਸ ਦੌਰਾਨ ਇਲਾਕੇ ਦੇ ਖੇਡ ਪ੍ਰੇਮੀਆਂ, ਕਬੱਡੀ ਦਰਸ਼ਕਾਂ ਅਤੇ ਖੇਡਾਂ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਖਿਡਾਰੀਆਂ ਅਤੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖੇਡ ਦਾ ਮੈਦਾਨ ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਦਰਸ਼ਕਾਂ ਨਾਲ ਰਿਹਾ। ਕਬੱਡੀ ਟੂਰਨਾਮੈਂਟ ਵਿਚ 6 ਇੰਟਰਨੈਸ਼ਨਲ ਕਬੱਡੀ ਟੀਮਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿਚਕਾਰ ਹੋਏ ਫਸਵੇਂ ਅਤੇ ਰੋਮਾਂਚਕ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਆਖਰੀ ਪਲ ਤੱਕ ਖੇਡ ਦੇ ਮੈਦਾਨ ਨਾਲ ਜੋੜੀ ਰੱਖਿਆ।
ਕਬੱਡੀ ਖਿਡਾਰੀਆਂ ਵੱਲੋਂ ਆਪਣੀ ਤਾਕਤ, ਫੁਰਤੀ, ਰੇਡਿੰਗ ਅਤੇ ਜਾਫਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਖੇਡ ਪ੍ਰੇਮੀਆਂ ਦਾ ਮਨ ਮੋਹਿਆ ਅਤੇ ਦਰਸ਼ਕਾਂ ਵੱਲੋਂ ਹਰ ਵਧੀਆ ਰੇਡ ਅਤੇ ਜਾਫੇ 'ਤੇ ਤਾੜੀਆਂ ਮਾਰ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਟੂਰਨਾਮੈਂਟ ਦੌਰਾਨ ਮੈਦਾਨ ਵਿਚ ਖਿਡਾਰੀਆਂ ਦਾ ਜੋਸ਼ ਅਤੇ ਦਰਸ਼ਕਾਂ ਦੀ ਹਾਜ਼ਰੀ ਨੇ ਖੇਡ ਮੇਲੇ ਦੇ ਮਾਹੌਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਅਤੇ ਕਬੱਡੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਨਕਦ ਇਨਾਮ ਰੱਖੇ ਗਏ ਸਨ। ਜਿਨ੍ਹਾਂ ’ਚੋਂ ਜੇਤੂ ਟੀਮ ਨੂੰ 3 ਲੱਖ ਰੁਪਏ, ਜਦਕਿ ਉਪ ਜੇਤੂ ਟੀਮ ਨੂੰ 2 ਲੱਖ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਬਾਕੀ ਟੀਮਾਂ ਅਤੇ ਕਬੱਡੀ ਖੇਡ ਵਿਚ ਇੰਟਰਨੈਸ਼ਨਲ ਪੱਧਰ 'ਤੇ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਪ੍ਰਬੰਧਕਾਂ ਵੱਲੋਂ ਖਿਡਾਰੀਆਂ ਦੀ ਖੇਡ ਪ੍ਰਤੀ ਮਿਹਨਤ, ਸਮਰਪਣ ਅਤੇ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਸ਼ਾਨਦਾਰ ਖੇਡ ਦਿਖਾਉਣ ਵਾਲੇ ਖਿਡਾਰੀਆਂ ਨੂੰ ਬੁਲੇਟ ਮੋਟਰਸਾਈਕਲ ਅਤੇ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਖੇਡ ਮੇਲੇ ਵਿਚ ਸ਼ਾਮਲ ਦਰਸ਼ਕਾਂ ਲਈ ਵਿਸ਼ੇਸ਼ ਲੱਕੀ ਡਰਾਅ ਕੱਢਿਆ ਗਿਆ। ਜਿਸ ਵਿਚੋਂ ਚੁਣੇ ਗਏ ਜੇਤੂਆਂ ਨੂੰ 6 ਐੱਲਈਡੀ ਦੇ ਕੇ ਸਨਮਾਨਿਤ ਕੀਤਾ। ਖੇਡ ਮੇਲੇ ਵਿਚ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਅਤੇ ਸੋਹਣ ਲਾਲ ਢੰਡਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰਸਿੱਧ ਕਲਾਕਾਰ ਰਣਜੀਤ ਮਣੀ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਉਨ੍ਹਾਂ ਖੇਡਾਂ ਨਾਲ ਸੰਬੰਧਿਤ ਗੀਤ ਗਾ ਕੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਖੇਡ ਪ੍ਰਮੋਟਰ ਅਤੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਦੀਪਾ ਬੱਜੋਂ ਨੇ ਸਹਿਯੋਗੀਆਂ, ਖਿਡਾਰੀਆਂ, ਸੇਵਾਦਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਦਰਸ਼ਕਾਂ ਅਤੇ ਸਹਿਯੋਗੀਆਂ ਦਾ ਯੋਗਦਾਨ ਮਹੱਤਵ ਪੂਰਨ ਹੈ। ਇਸ ਮੌਕੇ ਹਨੀ, ਬੂਟਾ ਮਹਿਮੂਦਪੁਰ, ਸਤਨਾਮ ਸਿੰਘ ਨੰਬਰਦਾਰ, ਰਣਵੀਰ ਸਿੰਘ ਪੱਪੂ, ਜੋਗਿੰਦਰ ਕੌਰ ਸਰਪੰਚ, ਟੇਕ ਚੰਦ, ਜਰਨੈਲ ਸਿੰਘ ਬਿੱਟੂ, ਹਰਪਾਲ ਸਿੰਘ, ਫੂਲਾ ਰਾਮ, ਇੰਦਰਜੀਤ ਸਿੰਘ, ਕਸ਼ਮੀਰ ਸਿੰਘ ਪੱਪੂ ਲਾਲੋਮਜਾਰਾ, ਪਰਮਜੀਤ ਸਿੰਘ ਪੰਮਾ, ਅਮਨਦੀਪ ਦੀਪਾ, ਜਗਦੀਪ ਸਿੰਘ, ਸੁਖਜਿੰਦਰ ਕੌਰ, ਹਰਕੀਰਤ ਸਿੰਘ, ਭਾਈ ਸੁਖਪਾਲ ਸਿੰਘ, ਸਤਵਿੰਦਰ ਸਿੰਘ, ਮੱਖਣ ਸਿੰਘ, ਰਾਮ ਲੁਭਾਇਆ ਪੰਚ, ਮੁਲਖ ਰਾਜ ਪੰਚ, ਰਸ਼ਪਾਲ ਸਿੰਘ ਪੰਚ, ਮਾ. ਦੇਸ ਰਾਜ, ਸਤਨਾਮ ਸਿੰਘ ਹੇੜੀਆਂ, ਪਾਲ, ਪੰਮਾ ਬੱਜੋਂ, ਇੰਦਰਜੀਤ ਬੱਜੋਂ, ਕਸ਼ਮੀਰ ਸਿੰਘ ਪੱਪੂ ਲਾਲੋਮਜਾਰਾ, ਜਗਦੀਸ਼ ਕਮਾਮ ਅਤੇ ਹੋਰ ਹਾਜ਼ਰ ਸਨ।