
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਸੀਏ ਕੋਰਸ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਯੂਨੀਵਰਸਿਟੀ 'ਚੋਂ ਮੱਲਾਂ ਮਾਰੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਸੀਸੀਏ ਸਮੈਸਟਰ ਪਹਿਲਾ ਦੇ ਨਤੀਜਿਆਂ ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰ. ਮਨਜੀਤ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਉੜਾਪੜ ਨੇ 80 ਫ਼ੀਸਦੀ ਅੰਕਾਂ ਨਾਲ ਯੂਨੀਵਰਸਿਟੀ ਵਿਚੋਂ ਛੇਵਾਂ ਅਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ, ਖੁਸ਼ੀ ਪੁੱਤਰੀ ਚਰਨਜੀਤ ਵਾਸੀ ਮੰਡੀ ਨੇ 73.8 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿਚੋਂ ਤੀਸਰਾ ਅਤੇ ਕਲਾਸ ਵਿਚੋਂ ਦੂਜਾ ਸਥਾਨ ਅਤੇ ਲੀਜ਼ਾ ਰਾਣੀ ਪੁੱਤਰੀ ਦੇਵ ਰਾਜ ਵਾਸੀ ਮੰਡੀ ਨੇ 71.3 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਵਿਚੋਂ ਚੌਥਾ ਅਤੇ ਕਲਾਸ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਸਿਰਫ਼ ਅੰਕਾਂ ਤੱਕ ਸੀਮਿਤ ਨਹੀਂ, ਸਗੋਂ ਇੱਕ ਅਜਿਹੇ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ ਜਿੱਥੇ ਸਿੱਖਿਆ ਹਰ ਨੌਜਵਾਨ ਲਈ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਰਹੀ ਹੈ। ਖ਼ਾਸ ਤੌਰ ’ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਪ੍ਰਤਿਭਾ ਕਿਸੇ ਸ਼ਹਿਰ ਜਾਂ ਪਿੰਡ ਦੀ ਮੋਹਤਾਜ ਨਹੀਂ ਹੁੰਦੀ ਸਹੀ ਮਾਰਗ ਦਰਸ਼ਨ, ਮਿਹਨਤ ਅਤੇ ਦ੍ਰਿੜ ਇਰਾਦਾ ਹੀ ਅਸਲ ਸਫ਼ਲਤਾ ਦੀ ਕੁੰਜੀ ਹਨ। ਅਜਿਹੇ ਨਤੀਜੇ ਇਹ ਦਰਸਾਉਂਦੇ ਹਨ ਕਿ ਜਦੋਂ ਵਿਦਿਆਰਥੀਆਂ ਨੂੰ ਸਿੱਖਣ ਦਾ ਸਕਾਰਾਤਮਕ ਮਾਹੌਲ, ਅਧਿਆਪਕਾਂ ਦਾ ਭਰੋਸਾ ਅਤੇ ਪਰਿਵਾਰ ਦਾ ਸਹਿਯੋਗ ਮਿਲਦਾ ਹੈ ਤਾਂ ਉਨ੍ਹਾਂ ਵਿਚ ਆਤਮ-ਵਿਸ਼ਵਾਸ, ਸਵੈ-ਅਨੁਸ਼ਾਸਨ ਅਤੇ ਲਗਾਤਾਰ ਸਿੱਖਣ ਦੀ ਪ੍ਰਵਿਰਤੀ ਵਿਕਸਿਤ ਹੁੰਦੀ ਹੈ। ਸਿੱਖਿਆ ਦਾ ਉਦੇਸ਼ ਕੇਵਲ ਪ੍ਰੀਖਿਆਵਾਂ ਵਿਚ ਵਧੀਆ ਅੰਕ ਪ੍ਰਾਪਤ ਕਰਨਾ ਨਹੀਂ, ਸਗੋਂ ਮਨੁੱਖ ਦੇ ਵਿਚਾਰਾਂ ਨੂੰ ਵਿਸ਼ਾਲ ਬਣਾਉਣਾ, ਉਸ ਦੇ ਚਰਿੱਤਰ ਨੂੰ ਮਜ਼ਬੂਤ ਕਰਨਾ ਅਤੇ ਉਸ ਨੂੰ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਇਸ ਸ਼ਾਨਦਾਰ ਪ੍ਰਾਪਤੀ‘ਤੇ ਪ੍ਰਿੰ. ਮਨਜੀਤ ਸਿੰਘ ਨੇ ਵਿਭਾਗ ਦੇ ਮੁਖੀ ਪ੍ਰੋ. ਸੁਖਮਿੰਦਰ ਬਾਵਾ, ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਣ ਦੀ ਜਗਿਆਸਾ, ਮਿਹਨਤ ਅਤੇ ਅਨੁਸ਼ਾਸਨ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਬਣਾਉਣ, ਕਿਉਂਕਿ ਅੱਜ ਦੀ ਲਗਨ ਹੀ ਭਵਿੱਖ ਦੀ ਸਫ਼ਲਤਾ ਦੀ ਨੀਂਹ ਹੁੰਦੀ ਹੈ।