ਹਵਾ ਪ੍ਰਦੂਸ਼ਣ ਸਿਹਤ ਲਈ ਖ਼ਤਰਾ, ਪਰਾਲੀ, ਕੂੜਾ-ਕਰਕਟ ਸਾੜਨ ਅਤੇ ਪਟਾਕੇ ਚਲਾਉਣ ਤੋਂ ਕੀਤਾ ਜਾਵੇ ਗੁਰੇਜ਼ : ਸਿਵਲ ਸਰਜਨ ਹਵਾ ਪ੍ਰਦੂਸ਼ਣ ਸਿਹਤ ਲਈ ਖ਼ਤਰਾ, ਪਰਾਲੀ, ਕੂੜਾ-ਕਰਕਟ ਸਾੜਨ ਅਤੇ ਪਟਾਕੇ ਚਲਾਉਣ ਤੋਂ ਕੀਤਾ ਜਾਵੇ ਗੁਰੇਜ਼-ਸਿਵਲ ਸਰਜਨ
Publish Date: Sun, 01 Nov 2026 04:31 PM (IST)
Updated Date: Sun, 01 Nov 2026 04:32 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹਵਾ ਦੀ ਗੁਣਵੱਤਾ ਵਿਗੜਨ ਅਤੇ ਇਸ ਦੇ ਸਿਹਤ ’ਤੇ ਪੈ ਰਹੇ ਮਾੜੇ ਅਸਰ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਲੋਕਾਂ ਲਈ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਅਪੀਲ ਕੀਤੀ ਕਿ ਲੋਕ ਲੋੜੀਂਦੀਆਂ ਸਾਵਧਾਨੀਆਂ ਵਰਤਣ ਅਤੇ ਪਰਾਲੀ, ਕੂੜਾ-ਕਰਕਟ ਸਾੜਨ ਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ। ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਹਵਾ ਵਿਚ ਪ੍ਰਦੂਸ਼ਕ ਤੱਤਾਂ ਦੀ ਵਧਦੀ ਮਾਤਰਾ ਸਾਹ ਪ੍ਰਣਾਲੀ ਅਤੇ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਖੰਘ, ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਬੇਆਰਾਮੀ ਅਤੇ ਅੱਖਾਂ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਦਮੇ ਜਾਂ ਦਿਲ ਦੇ ਰੋਗਾਂ ਤੋਂ ਪੀੜਤ ਲੋਕਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਬਾਹਰੀ ਗਤੀਵਿਧੀਆਂ ਤੋਂ ਪਹਿਲਾਂ ਹਵਾ ਗੁਣਵੱਤਾ ਸੂਚਕ ਅੰਕ ਜ਼ਰੂਰ ਦੇਖ ਲੈਣਾ ਚਾਹੀਦਾ ਹੈ, ਜੋ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ https://cpcb.nic.in/ ਤੇ ਉਪਲੱਬਧ ਹੈ। ਹਵਾ ਖ਼ਰਾਬ ਹੋਣ ਤੇ ਸੈਰ, ਜੌਗਿੰਗ, ਦੌੜ ਤੇ ਭਾਰੀ ਕਸਰਤ ਤੋਂ ਪ੍ਰਹੇਜ਼ ਕੀਤਾ ਜਾਵੇ। ਖ਼ਾਸ ਕਰਕੇ ਵਧੇਰੇ ਆਵਾਜਾਈ ਵਾਲੀਆਂ ਸੜਕਾਂ ਤੇ ਪ੍ਰਦੂਸ਼ਣ ਦੇ ਸਰੋਤਾਂ ਨੇੜੇ ਕਸਰਤ ਕਰਨ ਜਾਂ ਲੰਮਾ ਸਮਾਂ ਰੁਕਣ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਧਣ ਤੇ ਬਾਹਰ ਜਾਣਾ ਸੀਮਤ ਕੀਤਾ ਜਾਵੇ। ਬਾਹਰ ਪ੍ਰਦੂਸ਼ਣ ਵੱਧ ਹੋਣ ਦੀ ਸੂਰਤ ਵਿੱਚ ਘਰਾਂ ਦੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੇ ਜਾਣ, ਜਦਕਿ ਹਵਾ ਤੁਲਨਾਤਮਕ ਤੌਰ ਤੇ ਸਾਫ਼ ਹੋਣ ਤੇ ਹੀ ਹਵਾਦਾਰੀ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਜੇ ਪ੍ਰਦੂਸ਼ਣ ਦੇ ਉੱਚ ਪੱਧਰ ਦੌਰਾਨ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਚੰਗੀ ਤਰ੍ਹਾਂ ਫਿੱਟ ਆਉਣ ਵਾਲਾ ਐੱਨ95 ਮਾਸਕ ਪਹਿਨਿਆ ਜਾ ਸਕਦਾ ਹੈ। ਘਰ ਅੰਦਰ ਲੋੜ ਅਨੁਸਾਰ ਏਅਰ ਪਿਊਰੀਫਾਇਰ ਵੀ ਵਰਤਿਆ ਜਾ ਸਕਦਾ ਹੈ, ਪਰ ਮਾਸਕ ਜਾਂ ਪਿਊਰੀਫਾਇਰ ਪ੍ਰਦੂਸ਼ਣ ਦੇ ਸਰੋਤਾਂ ਤੋਂ ਬਚਣ ਦਾ ਬਦਲ ਨਹੀਂ ਹਨ।।ਉਨ੍ਹਾਂ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਖਿੜਕੀਆਂ ਬੰਦ ਰੱਖੀਆਂ ਜਾਣ ਅਤੇ ਏਅਰ ਕੰਡੀਸ਼ਨਰ ਦਾ ਰੀ-ਸਰਕੂਲੇਸ਼ਨ ਮੋਡ ਵਰਤਿਆ ਜਾਵੇ, ਤਾਂ ਜੋ ਬਾਹਰਲੀ ਪ੍ਰਦੂਸ਼ਿਤ ਹਵਾ ਅੰਦਰ ਨਾ ਆਵੇ। ਨਾਲ ਹੀ ਜਿੱਥੇ ਸੰਭਵ ਹੋਵੇ, ਨਿੱਜੀ ਵਾਹਨਾਂ ਦੀ ਥਾਂ ਜਨਤਕ ਆਵਾਜਾਈ ਨੂੰ ਤਰਜੀਹ ਦਿੱਤੀ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਦਮਾ, ਫੇਫੜਿਆਂ ਤੇ ਦਿਲ ਦੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਇਨ੍ਹਾਂ ਦਿਨਾਂ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ। ਅਜਿਹੇ ਮਰੀਜ਼ ਬਾਹਰ ਜਾਣ ਸਮੇਂ ਆਪਣੀਆਂ ਦਵਾਈਆਂ ਨਾਲ ਰੱਖਣ ਅਤੇ ਲੱਛਣਾਂ ਤੇ ਨਜ਼ਰ ਰੱਖਣ। ਸਾਹ ਲੈਣ ਵਿਚ ਮੁਸ਼ਕਿਲ, ਲਗਾਤਾਰ ਖੰਘ, ਛਾਤੀ ਵਿੱਚ ਦਰਦ ਜਾਂ ਬੇਆਰਾਮੀ, ਚੱਕਰ ਆਉਣ ਜਾਂ ਅੱਖਾਂ ਵਿੱਚ ਵਧੇਰੇ ਜਲਣ ਹੋਣ ਤੇ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਵੀ ਪ੍ਰਦੂਸ਼ਿਤ ਹਵਾ ਤੋਂ ਜਿੱਥੋਂ ਤੱਕ ਹੋ ਸਕੇ ਬਚਣਾ ਚਾਹੀਦਾ ਹੈ। ਲੋਕ ਮੌਸਮੀ ਫਲ ਤੇ ਸਬਜ਼ੀਆਂ ਖਾਣ, ਲੋੜੀਂਦਾ ਪਾਣੀ ਪੀਣ ਅਤੇ ਸਿਗਰਟ, ਬੀੜੀ ਤੇ ਹੋਰ ਤੰਬਾਕੂ ਉਤਪਾਦਾਂ ਤੋਂ ਦੂਰ ਰਹਿਣ।। ਘਰਾਂ ਅੰਦਰ ਮੱਛਰ ਭਜਾਉਣ ਵਾਲੀਆਂ ਕੋਇਲਾਂ ਤੇ ਅਗਰਬੱਤੀਆਂ ਦੇ ਧੂੰਏਂ ਤੋਂ ਵੀ ਪਰਹੇਜ਼ ਕੀਤਾ ਜਾਵੇ।।ਡਾ. ਸੂਦ ਨੇ ਅਪੀਲ ਕੀਤੀ ਕਿ ਪਰਾਲੀ, ਸੁੱਕੇ ਪੱਤੇ, ਲੱਕੜ, ਕੂੜਾ-ਕਰਕਟ ਤੇ ਹੋਰ ਰਹਿੰਦ-ਖੂੰਹਦ ਨੂੰ ਖੁੱਲ੍ਹੇ ਵਿੱਚ ਨਾ ਸਾੜਿਆ ਜਾਵੇ, ਤਾਂ ਜੋ ਹਵਾ ਪ੍ਰਦੂਸ਼ਣ ਘਟੇ ਅਤੇ ਬੱਚਿਆਂ, ਬਜ਼ੁਰਗਾਂ ਤੇ ਸਾਹ ਦੇ ਮਰੀਜ਼ਾਂ ਨੂੰ ਇਸ ਦੇ ਮਾੜੇ ਅਸਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਫ਼ ਹਵਾ ਤੇ ਸਿਹਤਮੰਦ ਵਾਤਾਵਰਨ ਲਈ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਗਾਉਣ, ਜਨਤਕ ਆਵਾਜਾਈ ਨੂੰ ਤਰਜੀਹ ਦੇਣ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਰਗਰਮੀਆਂ ਤੋਂ ਬਚਣ ਨਾਲ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀ ਤੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਲਈ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।