ਖੇਤੀਬਾੜੀ ਵਿਭਾਗ ਵੱਲੋਂ ਪੱਲੀ ਝਿੱਕੀ ’ਚ ਪੇਂਟਿੰਗ ਮੁਕਾਬਲੇ ਕਰਵਾਏ ਖੇਤੀਬਾੜੀ ਵਿਭਾਗ ਵੱਲੋਂ ਪੱਲੀ ਝਿੱਕੀ ਵਿਖੇ ਪੇਂਟਿੰਗ ਮੁਕਾਬਲੇ ਕਰਵਾਏ
Publish Date: Sun, 04 Oct 2026 04:26 PM (IST)
Updated Date: Sun, 04 Oct 2026 04:28 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਖੇਤੀਬਾੜੀ ਦਫਤਰ ਬਲਾਕ ਨਵਾਂਸ਼ਹਿਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਵਿਖੇ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਪੇਂਟਿੰਗ ਮੁਕਾਬਲੇ ਕਰਵਾਏ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ ਪੇਂਟਿੰਗ ਕਰਵਾਉਣ ਦਾ ਮੁੱਖ ਮੰਤਵ ਸਾਡੀ ਆਉਣ ਵਾਲੀ ਪੀੜੀ ਨੂੰ ਇਹ ਅਹਿਸਾਸ ਹੋਵੇ ਕਿ ਅਸੀਂ ਆਪਣੇ ਵਾਤਾਵਰਨ ਨੂੰ ਕਿਸ ਤਰ੍ਹਾਂ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਹੈ। ਇਹ ਬੱਚੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਸਬੰਧੀ ਅਤੇ ਹੋਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਨਾ ਲਵਾਉਣ ਬਾਰੇ ਆਪਣੇ ਮਾਤਾ ਪਿਤਾ ਅਤੇ ਆਂਡੀਆਂ ਗੁਆਂਢੀਆਂ ਅਤੇ ਪਿੰਡ ਦੇ ਕਿਸਾਨਾਂ ਵਿਚ ਇਹ ਸੁਨੇਹਾ ਪਹੁੰਚਾਣਗੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਵਿਚ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਕਾਰਬਨ ਮੋਨੋ ਆਕਸਾਈਡ ਅਤੇ ਹੋਰ ਕਈ ਤਰ੍ਹਾਂ ਦੀਆਂ ਗੈਸਾਂ ਸਾਡੇ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ ਅਤੇ ਜੇਕਰ ਅਸੀਂ ਝੋਨੇ ਦੀ ਪਰਾਲੀ ਨੂੰ ਵਿਚ ਹੀ ਮਿਲਾ ਕੇ ਕਣਕ ਦੀ ਫਸਲ ਦੀ ਬਿਜਾਈ ਕਰਾਂਗੇ। ਤਾਂ ਸਾਡੀ ਜਮੀਨ ਨੂੰ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਤੱਤ ਮਿਲਣਗੇ। ਇਸ ਤੋਂ ਇਲਾਵਾ ਸਾਡੀ ਜਮੀਨ ਦਾ ਜੈਵਿਕ ਮਾਦਾ ਵੀ ਵਧੇਗਾ। ਜਿਸ ਨਾਲ ਸਾਡੀ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ। ਉਨ੍ਹਾਂ ਦੱਸਿਆ ਕਿ ਮੈਡੀਕਲ ਖੇਤਰ ਵਿਚ ਹੋਈਆਂ ਤਾਜ਼ਾ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਕਾਰਨ ਮਨੁੱਖੀ ਸਰੀਰ ਲਈ ਆਕਸੀਜਨ ਦੀ ਸਪਲਾਈ ਘਟ ਜਾਂਦੀ ਹੈ। ਜਿਸ ਦਾ ਅਸਰ ਸਰੀਰ ਦੇ ਬਾਕੀ ਅੰਗਾਂ ਤੋਂ ਇਲਾਵਾ ਦਿਮਾਗ ਤੇ ਸਿੱਧੇ ਤੌਰ ’ਤੇ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਅਧੀਨ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਬੇਲਰ ਆਦਿ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਪਰਾਲੀ ਨੂੰ ਖੇਤ ਵਿਚ ਸੰਭਾਲਣ ਨਾਲ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇ ਅਤੇ ਮਿੱਟੀ ਦੀ ਉਪਯੋਗ ਸ਼ਕਤੀ ਨੂੰ ਵਧਾਇਆ ਜਾਵੇ ਜਿਸ ਨਾਲ ਖੇਤਾਂ ਵਿੱਚ ਰਸਾਇਣਾਂ ਦਾ ਬੋਝ ਵੀ ਘਟੇਗਾ। ਇਸ ਮੌਕੇ ਡਾ ਕੁਲਦੀਪ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੱਚੇ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਆਪਣੇ ਵਾਤਾਵਰਨ ਨੂੰ ਬਿਹਤਰ ਬਣਾ ਸਕੀਏ ਅਤੇ ਜਿਹੜੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਵਿਚ ਅਤੇ ਅੱਗ ਨਾ ਲਾਉਣ ਸਬੰਧੀ ਬਿਲਕੁਲ ਜ਼ੀਰੋ ਬਰਨਿੰਗ ਤੇ ਲੈ ਕੇ ਆਈਏ। ਇਸ ਮੌਕੇ ਸਰਬਜੀਤ ਸਿੰਘ, ਪਰਮਵੀਰ ਕੌਰ ਡਿਪਟੀ ਪ੍ਰੋਜੈਕਟ ਆਤਮਾ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਸਤਬੀਰ ਸਿੰਘ, ਮਾਸਟਰ ਹਰਜੀਤ ਸਿੰਘ, ਚਰਨਜੀਤ ਕੌਰ, ਸੁਸ਼ਮੱਤਾ ਅਤੇ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸਨ।