ਖੇਤੀ ਵਿਭਾਗ ਵੱਲੋਂ ਕਟਾਰੀਆਂ ਪਲਾਈਵੁੱਡ ਫੈਕਟਰੀ ਦੀ ਅਚਨਚੇਤ ਚੈਕਿੰਗ
ਖੇਤੀ ਵਿਭਾਗ ਵੱਲੋਂ ਕਟਾਰੀਆਂ ਪਲਾਈਵੁਡ ਫੈਕਟਰੀ ਦੀ ਅਚਨਚੇਤ ਚੈਕਿੰਗ
Publish Date: Thu, 12 Feb 2026 06:03 PM (IST)
Updated Date: Fri, 13 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ, ਡਾ. ਗੁਰਜੀਤ ਸਿੰਘ ਬਰਾੜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਵੱਲੋ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਖਾਦਾਂ ਦੀ ਕਾਲਾ ਬਾਜਾਰੀ ਅਤੇ ਫੈਕਟਰੀਆਂ ਵਿਚ ਖੇਤੀਬਾੜੀ ਗਰੇਡ ਯੂਰੀਆ ਦੀ ਦੁਰਵਰਤੋ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਡਾ. ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਬਲਾਕ ਬੰਗਾ ਦੇ ਪਿੰਡ ਕਟਾਰੀਆਂ ਵਿਖੇ ਪਲਾਈਵੁੱਡ ਫੈਕਟਰੀ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹ ਫੈਕਟਰੀ ਕੁਝ ਸਾਲ ਤੋਂ ਬੰਦ ਪਈ ਸੀ ਅਤੇ ਭਵਿੱਖ ਵਿਚ ਚੱਲਣ ਲਈ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਫੈਕਟਰੀ ਮਾਲਕ ਨਿਰਮਲ ਸਿੰਘ ਤੇ ਹੋਰਨਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਇਸ ਫੈਕਟਰੀ ਵਿਚ ਜੇਕਰ ਲੋੜ ਹੈ ਤਾਂ ਸਿਰਫ ਇੰਡਸਟਰੀ ਗਰੇਡ ਯੂਰੀਆ ਦੀ ਵਰਤੋਂ ਕੀਤੀ ਜਾਵੇ। ਸਰਕਾਰ ਵੱਲੋਂ ਖੇਤੀਬਾੜੀ ਗਰੇਡ ਯੂਰੀਆ ਕੇਵਲ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਇਸ ਦੀ ਗਲਤ ਤਰੀਕੇ ਨਾਲ ਵਰਤੋਂ ਕਿਸਾਨੀ ਤੋਂ ਇਲਾਵਾ ਪਲਾਈਵੁੱਡ ਅਤੇ ਫੀਡ ਫੈਕਟਰੀਆਂ ਵਿਚ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਭਵਿੱਖ ਵਿਚ ਚੈਕਿੰਗ ਦੌਰਾਨ ਜੇਕਰ ਅਜਿਹਾ ਪਾਇਆ ਗਿਆ। ਤਾਂ ਉਕਤ ਫੈਕਟਰੀ ਦੇ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ, ਡਾ. ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ), ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬੰਗਾ, ਵਿਕਰਮ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਬੰਗਾ ਹਾਜ਼ਰ ਸਨ।